ਚੰਡੀਗੜ੍ਹ: ਕਿਸਾਨ ਅੰਦੋਲਨ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਨੱਕ 'ਚ ਦਮ ਕਰ ਦਿੱਤਾ ਹੈ। ਦੂਜੇ ਪਾਸੇ ਇੱਕਜੁਟ ਹੋਈਆਂ 31 ਕਿਸਾਨ ਜਥੇਬੰਦੀਆਂ ਵਿਚਾਲੇ ਵੀ ਸੰਘਰਸ਼ ਨੂੰ ਜਾਰੀ ਰੱਖਣ ਬਾਰੇ ਮੱਤਭੇਦ ਪੈਦਾ ਹੈ ਗਿਆ ਹੈ। ਕੁਝ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਣਕ ਦੀ ਬਿਜਾਈ ਲਈ ਖਾਦਾਂ ਤੇ ਥਰਮਲਾਂ ਲਈ ਕੋਲੇ ਦੀ ਕਿੱਲਤ ਨੂੰ ਦੇਖਦਿਆਂ ਮਾਲ ਗੱਡੀਆਂ ਨੂੰ ਲੰਘਣ ਦਿੱਤਾ ਹੈ। ਕੁਝ ਜਥੇਬੰਦੀਆਂ ਇਹ ਵੀ ਕਹਿਣ ਲੱਗੀਆਂ ਹਨ ਕਿ ਕਣਕ ਦੀ ਬਿਜਾਈ ਤੱਕ ਅੰਦੋਲਨ ਮੁਲਤਵੀ ਕਰ ਦਿੱਤਾ ਜਾਵੇ।


ਦੂਜੇ ਪਾਸੇ ਕੁਝ ਜਥੇਬੰਦੀਆਂ ਅੰਦੋਲਨ ਨੂੰ ਜਿਓਂ ਦਾ ਤਿਓਂ ਜਾਰੀ ਰੱਖਣ ਲਈ ਦ੍ਰਿੜ੍ਹ ਹਨ। ਇਨ੍ਹਾਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸਾਨ ਅੰਦਲੋਨ ਜੇਕਰ ਮੱਠਾ ਪੈ ਗਿਆ ਤਾਂ ਮੋਦੀ ਸਰਕਾਰ ਦਾ ਰੁਖ ਬਦਲ ਸਕਦਾ ਹੈ। ਉਂਝ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਦੀ ਅਗਲੀ ਰੂਪ ਰੇਖਾ ਹੁਣ 13 ਅਕਤੂਬਰ ਨੂੰ ਉਲੀਕੀ ਜਾਵੇਗੀ।

ਇਸ ਬਾਰੇ ਵਿਚਾਰ ਲਈ ਕਿਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਸ਼ਨੀਵਾਰ ਨੂੰ ਬਰਨਾਲਾ ਵਿੱਚ ਮੀਟਿੰਗ ਸੱਦੀ ਸੀ। ਆਪਸੀ ਮੱਤਭੇਦ ਕਰਕੇ ਅੱਧੀ ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਮੀਟਿੰਗ ਵਿੱਚ ਨਹੀਂ ਪਹੁੰਚੇ ਸੀ। ਇਸ ਕਾਰਨ ਮੀਟਿੰਗ ਰੱਦ ਕਰਨੀ ਪਈ। ਹੁਣ ਸਾਰੀਆਂ ਜਥੇਬੰਦੀਆਂ ਨੇ 13 ਅਕਤੂਬਰ ਨੂੰ ਜਲੰਧਰ ਵਿੱਚ ਮੀਟਿੰਗ ਸੱਦ ਲਈ ਹੈ।

ਯਾਦ ਰਹੇ ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਪਹਿਲੀ ਅਕਤੂਬਰ ਤੋਂ ਆਰੰਭਿਆ ਅੰਦੋਲਨ ਜਾਰੀ ਹੈ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਰੇਲ ਜਾਮ, ਬੀਜੇਪੀ ਲੀਡਰਾਂ ਦੇ ਘਰਾਂ ਅੱਗੇ, ਟੌਲ ਪਲਾਜ਼ਿਆਂ, ਸ਼ਾਪਿੰਗ ਮਾਲਜ਼, ਅਡਾਨੀ ਸਾਈਲੋ ਗੁਦਾਮ, 23 ਰਿਲਾਇੰਸ ਪੈਟਰੋਲ ਪੰਪਾਂ, 7 ਐਸਆਰ ਪੰਪਾਂ ਤੇ 1 ਪ੍ਰਾਈਵੇਟ ਥਰਮਲ ਪਲਾਂਟ ’ਚ ਇਹ ਧਰਨੇ ਦਿਨ-ਰਾਤ ਜਾਰੀ ਹਨ।

ਉਧਰ, ਕਿਸਾਨਾਂ ਦੇ ਸੰਘਰਸ਼ ਨੂੰ ਵੇਖ ਕੇਂਦਰ ਵਿਚਲੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਕਾਫੀ ਫਿਕਰਮੰਦ ਹੈ। ਪੰਜਾਬ ਸਰਕਾਰ ਪਹਿਲਾਂ ਸੰਘਰਸ਼ ਦਾ ਸਾਥ ਦੇ ਰਹੀ ਸੀ ਪਰ ਹੁਣ ਕਿਸਾਨਾਂ ਨੂੰ ਜਿੱਦ ਛੱਡਣ ਦੀਆਂ ਅਪੀਲਾਂ ਕਰਨ ਲੱਗੀ ਹੈ। ਉਧਰ, ਕੇਂਦਰ ਵਿਚਲੀ ਬੀਜੇਪੀ ਸਰਕਾਰ ਵੀ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਲੱਭ ਰਹੀ ਹੈ। ਸਰਕਾਰ ਨੇ ਕਿਸਾਨਾਂ ਨਾਲ ਚਰਚਾ ਲਈ ਅਫਸਰਾਂ ਦੀ ਡਿਊਟੀ ਲਾਈ ਪਰ ਗੱਲ਼ ਕਿਸੇ ਸਿਰੇ ਨਹੀਂ ਲੱਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਲਾਹ ਦਿੱਤੀ ਹੈ ਕਿ ਉਹ ਖੁਦ ਕਿਸਾਨਾਂ ਨਾਲ ਮੀਟਿੰਗ ਕਰਨ।