Farmer protest: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੱਖੋਂ ਕੈਂਚੀਆਂ ਕੋਲ ਪਲਾਜ਼ਾ ਵਿਖੇ ਵੱਡਾ ਇਕੱਠ ਕਰਕੇ ਮੋਦੀ ਹਕੂਮਤ ਨੂੰ ਲਲਕਾਰਿਆ। ਕੇਂਦਰ ਸਰਕਾਰ ਵੱਲੋਂ ਦਿੱਲੀ ਮੋਰਚੇ ਸਮੇਂ ਮੰਨੀਆਂ ਜਾ ਚੁੱਕੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲ ਮਟੋਲ ਕਰਨ ਦੇ ਫੈਸਲੇ ਦਾ ਜੋਰਦਾਰ ਵਿਰੋਧ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਬੂਟਾ ਸਿੰਘ ਬੁਰਜਗਿੱਲ ਨੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਕਾਰਪੋਰੇਟ ਪੱਖੀ ਚਿਹਰਾ ਲੋਕਾਂ ਸਾਹਮਣੇ ਬਿਲਕੁੱਲ ਨੰਗਾ ਹੋ ਚੁੱਕਾ ਹੈ।


ਸਰਕਾਰ ਕਰ ਰਹੀ ਹੈ ਪਾਖੰਡ


ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਨੁਮਾਇੰਦੇ ਸਮੇਤ ਮੌਜੂਦਾ ਮੁੱਖ ਮੰਤਰੀ ਇਸ ਟੋਲ ਪਲਾਜ਼ਾ ਨੂੰ ਪੁਟਵਾਉਣ ਦਾ ਖੇਖਣ ਕਰਦੇ ਰਹੇ ਹਨ। ਅੱਜ ਉਨ੍ਹਾਂ ਹੀ ਸਿਆਸਤਦਾਨਾਂ ਦੀ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਜ਼ੁਬਾਨ ਠਾਕੀ ਗਈ ਹੈ। ਇਹੋ ਕੁੱਝ ਇਸ ਸਰਕਾਰ ਨੇ ਮਾਲਬਰੋਸ ਫੈਕਟਰੀ ਮਨਸੂਰਵਾਲ (ਜੀਰਾ) ਵੇਲੇ ਨਿਭਾਇਆ ਪਰ ਲੋਕਾਂ ਦੀ ਜਥੇਬੰਦਕ ਤਾਕਤ ਨੇ ਹਾਕਮਾਂ ਦੇ ਕਿਰਦਾਰ ਨੂੰ ਬਹੁਤ ਚੰਗੀ ਤਰ੍ਹਾਂ ਪਹਿਚਾਣ ਲਿਆ ਹੈ।ਬੁਲਾਰਿਆਂ ਨੇ ਪੱਖੋਂ ਕੈਂਚੀਆਂ ਕੋਲ ਪਲਾਜ਼ਾ ਪੁਟਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।‌ ਇਸ ਸਮੇਂ ਵੱਡੀ ਗਿਣਤੀ ਕਿਸਾਨ ਔਰਤਾਂ ਅਤੇ ਮਰਦ, ਨੌਜਵਾਨ ਆਗੂ ਵੀ ਸ਼ਾਮਲ ਸਨ।ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਅਤੇ ਮੰਗਾਂ ਲਾਗੂ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ। ਇਸ ਲਈ ਕਿਸਾਨ ਮੁੜ ਝੰਡਾ ਚੁੱਕਣ ਲਈ ਮਜਬੂਰ ਹਨ।


ਸੰਘਰਸ਼ ਦਾ ਵੱਡਾ ਤਜ਼ੁਰਬਾ ਹਾਸਿਲ


ਦੁਸ਼ਮਣ ਦੀ ਖੂੰਖਾਰ ਤਾਕਤ ਨੂੰ ਹਰਾਉਣ ਲਈ ਸਾਂਝੇ ਤਰਥੱਲਪਾਊ ਸੰਘਰਸ਼ ਦਾ ਵੱਡਾ ਤਜੁਰਬਾ ਵੀ ਹਾਸਲ ਕਰ ਗਿਆ ਹੈ। ਜਿਸ ਦੀ ਉਦਾਹਰਨ 25 ਸਾਲ ਪਹਿਲਾਂ ਮਹਿਲਕਲਾਂ ਦੀ ਧਰਤੀ ਤੋਂ ਗੁੰਡਾ ਪੁਲਿਸ, ਸਿਆਸੀ ਤੇ ਅਦਾਲਤੀ ਗੱਠਜੋੜ ਖ਼ਿਲਾਫ਼ ਸ਼ੁਰੂ ਕਰਕੇ ਵੱਡੀਆਂ ਚੁਣੌਤੀਆਂ ਸੰਗ ਭਿੜਦਿਆਂ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਤਾਨਾਸ਼ਾਹ ਮੋਦੀ ਹਕੂਮਤ ਨੂੰ ਹਰਾਉਣ ਦਾ ਅਮੀਰ ਵਿਰਸਾ ਵੀ ਸਾਡੇ ਕੋਲ ਹੈ। ਕਿਸਾਨਾਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਤਬਕਿਆਂ ਨੇ ਇੱਕਮੁੱਠ ਹੋ ਕੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਦਾ ਡਟ ਕੇ ਵਿਰੋਧ ਕੀਤਾ ਗਿਆ ਸੀ। ਸਾਂਝੇ ਕਿਸਾਨ ਅੰਦੋਲਨ ਦੇ ਸਿੱਟੇ ਵਜੋਂ ਕੇਂਦਰ ਦੀ ਸਰਕਾਰ ਝੁਕ ਕੇ ਕਾਲ਼ੇ ਕਾਨੂੰਨ ਵਾਪਸ ਲੈਣ ਅਤੇ ਐਮ ਐਸ ਪੀ ਦੀ ਗਰੰਟੀ ਵਾਲਾ ਕਾਨੂੰਨ ਬਨਾਉਣ ਸਬੰਧੀ ਲਿਖਤੀ ਸਮਝੌਤਾ ਕਰਨ ਲਈ ਮਜਬੂਰ ਹੋਈ ਸੀ।