Farmer protest: ਪਰਾਲੀ ਸਾੜਨ 'ਤੇ ਕੇਸ ਦਰਜ ਕਰਨ ਤੋਂ ਭੜਕੀਆਂ 18 ਕਿਸਾਨ ਜਥੇਬੰਦੀਆਂ ਨੇ 20 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਡੀਸੀ ਦਫ਼ਤਰਾਂ ਬਾਹਰ ਰੋਸ ਮੁਜਾਹਰੇ ਕਰਨ ਦਾ ਐਲਾਨ ਕੀਤਾ ਸੀ ਇਸ ਦੌਰਾਨ ਜਦੋਂ ਕਿਸਾਨ ਮੋਗਾ ਦੇ ਡੀਸੀ ਕੰਪਲੈਕਸ ਬਾਹਰ ਪਰਾਲੀ ਦੀਆਂ ਭਰੀਆਂ ਟਰਾਲੀਆਂ ਲੈ ਕੇ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕਿਆ। ਜਿਸ ਤੋਂ ਬਾਅਦ ਕਿਸਾਨਾਂ ਤੇ ਪੁਲਿਸ ਵਿਚਾਲੇ ਬਹਿਸ ਹੋਈ।


ਦੱਸ ਦਈਏ ਸਿ ਇਸ ਮੌਕੇ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਡੀਸੀ ਕੰਪਲੈਕਸ ਦੇ ਅੰਦਰ ਚਲੇ ਗਏ ਜਦੋਂ ਕਿ ਬਾਕੀਆਂ ਨੇ ਬਾਹਰ ਹੀ ਧਰਨਾ ਲਾਇਆ। ਕਿਸਾਨਾਂ ਦਾ ਕਹਿਣਾ ਹੈ ਕਿ 12 ਵਜੇ ਤੋਂ ਲੈ ਤੇ 4 ਵਜੇ ਤੱਕ ਧਰਨਾ ਦਿੱਤਾ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸਾਨਾਂ ਉੱਤੇ ਮਾਮਲੇ ਦਰਜ ਕਰਨ ਬੰਦ ਨਹੀਂ ਕੀਤੇ ਤਾਂ ਡੀਸੀ ਦਫ਼ਤਰਾਂ ਸਾਹਮਣੇ ਪਰਾਲੀ ਸਾੜੀ ਜਾਵੇਗੀ।


ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਨੇਤਾ ਸਵਰਨ ਸਿੰਘ ਪੰਧੇਰ ਨੇ ਦੱਸਿਆ ਕਿ ਪਰਾਲੀ ਦੇ ਰੱਖ ਰਖਾਅ ਦੀਆਂ ਦਿੱਕਤਾਂ, ਪ੍ਰੀਪੇਡ ਮੀਟਰ, ਭਾਰਤ ਮਾਲਾ ਯੋਜਨਾ, ਝੋਨੇ ਦੀ ਖ਼ਰੀਦ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਡੀਸੀ ਦਫ਼ਤਰਾਂ ਸਾਹਮਣੇ ਪ੍ਰਦਰਸ਼ਨ ਕਰਨ ਦੀ ਰਣਨੀਤੀ ਉਲੀਕੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ।


ਜ਼ਿਕਰ ਕਰ ਦਈਏ ਕਿ ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ ਹੋਇਆ। ਟਰਾਲੀਆਂ ਵਿੱਚ ਪਰਾਲੀ ਭਰ ਕੇ ਡੀਸੀ ਦਫ਼ਤਰ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ। ਕਿਸਾਨਾਂ ਦੇ ਇੱਕ ਜੱਥੇ ਨੂੰ ਗੁਰਦੁਆਰਾ ਜੋਤੀ ਸਰੂਪ ਸਾਹਿਬ ਨੇੜੇ ਰੋਕਿਆ ਗਿਆ। ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। 


ਜਿਸ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਨੇ ਉੱਥੇ ਹੀ ਸੜਕ ਜਾਮ ਕਰਨ ਦਾ ਐਲਾਨ ਕਰ ਦਿੱਤਾ। ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਅਤੇ ਹਰਿਆਣਾ 'ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗ੍ਰਾਮ ਹੈ। ਪਰਾਲੀ ਨੂੰ ਟਰਾਲੀਆਂ ਵਿੱਚ ਲਿਜਾਇਆ ਜਾ ਰਿਹਾ ਹੈ ਤਾਂ ਕਿ ਪ੍ਰਸ਼ਾਸਨ ਨੂੰ ਪੁੱਛਿਆ ਜਾਵੇ ਕਿ ਇਸਨੂੰ ਕਿਵੇਂ ਸੰਭਾਲਣਾ ਹੈ ਜਾਂ ਪ੍ਰਸ਼ਾਸਨ ਖੁਦ ਪਰਾਲੀ ਦੀ ਸੰਭਾਲ ਕਰੇ।