Farmer Protest : ਪਿਛਲੇ ਇਕ ਸਾਲ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਲੜ ਰਹੇ ਸੀ। ਕਿਸਾਨਾਂ ਦੇ ਇਸ ਸੰਘਰਸ਼ ਦਾ ਮੁੱਲ ਪਿਆ ਤੇ ਕੇਂਦਰ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਜਿਸ ਨਾਲ ਕਿਸਾਨਾਂ ਦੀ ਜਿੱਤ ਹੋਈ। ਇਸ ਦੌਰਾਨ ਹੁਣ ਕਿਸਾਨਾਂ ਨੇ ਅੰਦੋਲਨ ਖਤਮ ਕਰਨ ਦੇ ਐਲਾਨ ਦੇ ਨਾਲ ਹੀ ਘਰ ਵਾਪਸੀ ਲਈ 11 ਤੇ 12 ਦਸੰਬਰ ਦੀਆਂ ਤਰੀਕਾਂ ਤੈਅ ਕਰ ਦਿੱਤੀਆਂ ਸਨ। ਦਿੱਲੀ ਦੀਆਂ ਸਰਹੱਦਾਂ ਤੋਂ ਪਰਤੇ ਕਿਸਾਨਾਂ ਦਾ ਪੰਜਾਬ ਸਰਕਾਰ ਸਵਾਗਤ ਕਰੇਗੀ। ਇਹ ਐਲਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ, ਮਜ਼ਦੂਰਾਂ ਤੇ ਯੂਨਾਈਟਿਡ ਕਿਸਾਨ ਮੋਰਚੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਵਿਰੁੱਧ ਕਿਸਾਨਾਂ ਦੀ ਜਿੱਤ ਹੈ। ਸੂਬਾ ਸਰਕਾਰ ਆਪਣੀ ਮਿੱਟੀ ਦੇ ਪੁੱਤਾਂ ਦਾ ਸਵਾਗਤ ਕਰੇਗੀ।


ਸਿੰਘੂ ਬਾਰਡਰ ਤੋਂ ਕਿਸਾਨ ਅੰਬਾਲਾ ਤਕ ਜਾਣਗੇ ਅਤੇ ਫਿਰ ਆਪੋ-ਆਪਣੇ ਜ਼ਿਲ੍ਹਿਆਂ ਲਈ ਚਲੇ ਜਾਣਗੇ ਪਰ ਜਿਨ੍ਹਾਂ ਦੇ ਘਰ ਦੂਰ ਹਨ, ਉਹ ਅੱਜ ਦੀ ਰਾਤ ਫਤਿਹਪੁਰ ਸਾਹਿਬ ਵਿਖੇ ਰਹਿਣਗੇ। ਜਦੋਂਕਿ ਟਿੱਕਰੀ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨ ਪਟਿਆਲ ਦੇ ਰਸਤੇ ਪੰਜਾਬ ਪਹੁੰਚਣਗੇ। ਕੁੱਲ ਮਿਲਾ ਕੇ ਸਾਰੇ ਕਿਸਾਨਾਂ ਦੇ ਭਲਕੇ ਯਾਨੀ 12 ਦਸੰਬਰ ਤਕ ਆਪੋ-ਆਪਣੇ ਘਰਾਂ ਤਕ ਪਹੁੰਚਣ ਦਾ ਪ੍ਰੋਗਰਾਮ ਹੈ। ਇਸ ਨਾਲ ਹੀ 13 ਦਸੰਬਰ ਨੂੰ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਕਿਸਾਨ ਮੱਥਾ ਟੇਕਣਗੇ।


ਟੋਲ, ਮਾਲ ਅਤੇ ਪੈਟਰੋਲ ਪੰਪ 'ਤੇ ਧਰਨਾ 15 ਦਸੰਬਰ ਨੂੰ ਸਮਾਪਤ ਹੋਵੇਗਾ


15 ਦਸੰਬਰ ਤੋਂ ਬਾਅਦ ਪੂਰੇ ਪੰਜਾਬ-ਹਰਿਆਣਾ ਵਿਚ ਟੋਲ ਨਾਕਿਆਂ, ਮਾਲਜ਼ ਅਤੇ ਪੈਟਰੋਲ ਪੰਪਾਂ 'ਤੇ ਚੱਲ ਰਿਹਾ ਧਰਨਾ ਖਤਮ ਹੋ ਜਾਵੇਗਾ। ਕਿਸਾਨਾਂ ਦਾ ਜਥਾ 15 ਦਸੰਬਰ ਤਕ ਪੰਜਾਬ-ਹਰਿਆਣਾ ਸਮੇਤ ਦਿੱਲੀ ਦੀਆਂ ਸੜਕਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦੇਵੇਗਾ। ਦਿੱਲੀ ਦੇ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡਿੰਗ ਵੀ ਹਟਾ ਦਿੱਤੀ ਜਾਵੇਗੀ ਅਤੇ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਗੱਡੀਆਂ ਮੁੜ ਚੱਲਣੀਆਂ ਸ਼ੁਰੂ ਹੋ ਜਾਣਗੀਆਂ।