ਕਰਜ਼ੇ ਨੇ ਨਿਗਲੇ ਸਿਰ ਦੇ ਸਾਈਂ, ਫਿਰ ਵੀ ਨਹੀਂ ਮੰਨੀ ਹਾਰ !
ਏਬੀਪੀ ਸਾਂਝਾ | 08 Jan 2018 02:35 PM (IST)

ਚੰਡੀਗੜ੍ਹ (ਯਾਦਵਿੰਦਰ ਸਿੰਘ): ਪਿੰਡਾਂ ਦੇ ਘਰਾਂ ਵਿੱਚ ਕਮਾਉਣ ਵਾਲੇ ਮਰਦ ਹੁੰਦੇ ਹਨ ਤੇ ਜ਼ਿਆਦਾਤਰ ਔਰਤਾਂ ਘਰ ਦੇ ਕੰਮ ਕਰਦੀਆਂ ਹਨ। ਇਹ ਸੋਚ ਕੇ ਦੇਖੋ ਕਿ ਜਿਹੜੇ ਘਰ ਮਰਦਾਂ ਤੋਂ ਸੱਖਣੇ ਹੋ ਜਾਣ ਉਨ੍ਹਾਂ ਵਿੱਚ ਔਰਤਾਂ ਆਪਣੀ ਜ਼ਿੰਦਗੀ ਕਿਵੇਂ ਨਿਭਾਉਂਦੀਆਂ ਹੋਣਗੀਆਂ? ਕੈਪਟਨ ਸਰਕਾਰ ਨੇ ਜਿਸ ਮਾਨਸਾ ਜ਼ਿਲ੍ਹੇ ਵਿੱਚ ਕਿਸਾਨ ਕਰਜ਼ਾ ਮੁਕਤੀ ਦੀ ਪਹਿਲੀ ਕਿਸ਼ਤ ਦਾ ਪ੍ਰੋਗਰਾਮ ਰੱਖਿਆ, ਉਸੇ ਮਾਨਸਾ ਜ਼ਿਲ੍ਹੇ ਵਿੱਚ ਕਿਸਾਨ ਪਰਿਵਾਰਾਂ ਵਿੱਚ ਮਰਦ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਗਏ ਤੇ ਔਰਤਾਂ ਘਰ ਚਲਾ ਰਹੀਆਂ ਹਨ। ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਹਰ ਤਰ੍ਹਾਂ ਦੇ ਘਰੇਲੂ ਖ਼ਰਚ ਔਰਤਾਂ ਚਲਾ ਰਹੀਆਂ ਹਨ। 'ਏਬੀਪੀ ਸਾਂਝਾ' ਨੇ ਅਜਿਹੀਆਂ ਹੀ ਕੁਝ ਔਰਤਾਂ ਤੱਕ ਪਹੰਚ ਕੀਤੀ ਜੋ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਮਰਦਾਂ ਤੋਂ ਬਿਨਾਂ ਨਿੱਤ ਦਿਨ ਦੋ-ਚਾਰ ਹੋ ਰਹੀਆਂ ਹਨ। ਇਨ੍ਹਾਂ ਸਿਰ ਅੱਜ ਵੀ ਕਰਜ਼ਾ ਹੈ ਪਰ ਇਨ੍ਹਾਂ ਨੇ ਕਰਜ਼ੇ ਸਾਹਮਣੇ ਹਾਰ ਨਹੀਂ ਮੰਨੀ। ਇਹ ਔਰਤਾਂ ਜ਼ਿੰਦਗੀ ਨੂੰ ਹਰ ਰੋਜ਼ ਸਲਾਮ ਕਰਦੀਆਂ ਤੇ ਜ਼ਿੰਦਗੀ ਜ਼ਿੰਦਾਬਾਦ ਦੇ ਨਾਅਰੇ ਨਾਲ ਬੱਚਿਆਂ ਨੂੰ ਅੱਗੇ ਲੈ ਕੇ ਵਧ ਰਹੀਆਂ ਹਨ। ਸੁਖਵੰਤ ਕੌਰ। ਉਮਰ 45 ਸਾਲ। ਛੋਟੇ ਪੁੱਤ ਨੇ ਕਰਜ਼ੇ ਕਰਕੇ ਖੁਦਕੁਸ਼ੀ ਕਰ ਲਈ। ਵੱਡੇ ਪੁੱਤ ਦੀ ਮੌਤ ਹੋ ਚੁਕੀ ਹੈ। ਪਤੀ ਵੀ ਖ਼ੁਦਕੁਸ਼ੀ ਕਰ ਚੁੱਕਿਆ ਹੈ। ਸਿਲਾਈ ਮਸ਼ੀਨ ਚਲਾ ਕੇ ਆਪਣਾ ਗੁਜ਼ਾਰਾ ਕਰਦੀ ਹੈ। ਉਸ ਨੇ ਦੱਸਿਆ ਛੋਟਾ ਪੁੱਤ ਕਹਿੰਦਾ ਹੁੰਦਾ ਸੀ ਕਿ ਲੋਕ ਪਤਾ ਨਹੀਂ ਕਿਵੇਂ ਖ਼ੁਦਕੁਸ਼ੀ ਕਰ ਲੈਂਦੇ ਹਨ। ਸੰਕਟ ਤਾਂ ਚੱਲਦੇ ਹੀ ਰਹਿੰਦੇ ਹਨ। ਫੇਰ ਪਤਾ ਨਹੀਂ ਓਹਦੇ ਮਨ ਵਿੱਚ ਕੀ ਆਇਆ ਉਹ ਵੀ ਖੁਦਕੁਸ਼ੀ ਕਰ ਗਿਆ। ਮੈਂ ਵੀ ਤਾਂ ਕਰਜ਼ੇ ਨਾਲ ਜਿਓਂ ਹੀ ਰਹੀ ਹਾਂ। ਕਿਸੇ ਸਰਕਾਰ ਨੇ ਮੇਰੀ ਕੋਈ ਮੱਦਦ ਨਹੀਂ ਕੀਤੀ। ਵੀਰਪਾਲ ਕੌਰ ਤੇ ਗੁਰਦੇਵ ਕੌਰ। ਦੋਵੇਂ ਸੱਸ ਨੂੰਹ ਹਨ। ਕੁਦਰਤ ਦਾ ਕਹਿਰ ਦੇਖੋ। ਇਕੋ ਘਰ ਵਿੱਚ ਪਹਿਲਾਂ ਗੁਰਦੇਵ ਕੌਰ ਦੇ ਪਤੀ ਨੇ ਕਰਜ਼ੇ ਕਰਕੇ ਖੁਦਕੁਸ਼ੀ ਕੀਤੀ ਤੇ ਫੇਰ ਉਸੇ ਘਰ ਪੁੱਤ ਤੇ ਵੀਰਪਾਲ ਕੌਰ ਦੇ ਪਤੀ ਨੂੰ ਕਰਜ਼ਾ ਨਿਗਲ ਗਿਆ। ਵੀਰਪਾਲ ਕੌਰ ਮੱਝ ਦਾ ਦੁੱਧ ਵੇਚ ਕੇ ਘਰ ਚਲਾਉਂਦੀ ਹੈ। ਬੱਚੇ ਵੀ ਪੜ੍ਹਾ ਰਹੀ ਹੈ। ਵੀਰਪਾਲ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਨੇ ਮੱਦਦ ਜ਼ਰੂਰ ਕੀਤੀ ਪਰ ਸਰਕਾਰ ਨੇ ਅੱਜ ਤੱਕ ਕੋਈ ਮੱਦਦ ਨਹੀਂ ਕੀਤੀ। ਇਸੇ ਤਰ੍ਹਾਂ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਵੀ ਕਰਜ਼ੇ ਕਰਕੇ ਖ਼ੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਈ ਵਾਰ ਗੁਹਾਰ ਕੀਤੀ ਪਰ ਕਿਸੇ ਨੇ ਕੋਈ ਮੱਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸਾਡੀ ਸਾਰ ਲੈਣੀ ਚਾਹੀਦੀ ਹੈ ਕਿਉਂਕਿ ਅਸੀਂ ਬਹੁਤ ਸੰਕਟ ਵਿੱਚੋਂ ਗੁਜ਼ਾਰ ਰਹੇ ਹਾਂ।