ਚੰਡੀਗੜ੍ਹ: ਕਿਰਤੀ ਕਿਸਾਨ ਯੂਨੀਅਨ ਨੇ ਕਰਜ਼ਾਈ ਕਿਸਾਨਾਂ ਦੇ ਗ੍ਰਿਫਤਾਰੀ ਵਰੰਟਾਂ ਦਾ ਗੰਭੀਰ ਨੋਟਿਸ ਲੈਂਦਿਆ ਇਨ੍ਹਾਂ ਨੂੰ ਫੌਰੀ ਰੋਕਣ ਤੇ ਕਿਸਾਨਾਂ ਦੇ ਕਰਜ਼ੇ 'ਤੇ ਲੀਕ ਮਾਰਨ ਦੀ ਮੰਗ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਕਰਜ਼ੇ ਤੇ ਫਸਲ ਦੇ ਘੱਟ ਝਾੜ ਕਰਕੇ ਮੁਸ਼ਕਲ ਵਿੱਚ ਫਸੇ ਕਿਸਾਨਾਂ ਨੂੰ ਰਾਹਤ ਦੀ ਓੁਮੀਦ ਸੀ ਪਰ ਸਰਕਾਰ ਕਿਸਾਨਾਂ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਰਹੀ ਹੈ।



ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਸਰਕਾਰਾਂ ਲਗਾਤਾਰ ਕਿਸਾਨਾਂ ਨੂੰ ਦਰੜਨ ਵਾਲੇ ਪਾਸੇ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕੇ ਖੇਤੀ ਵਿਕਾਸ ਬੈਂਕ ਨੂੰ ਕਰਜ਼ ਮੁਆਫੀ ਤੋਂ ਬਾਹਰ ਰੱਖਣ ਬਾਰੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਸਾਨ ਜਥੇਬੰਦੀਆਂ ਨਾਲ ਆਖਰੀ ਮੀਟਿੰਗ ਵਿੱਚ ਵਾਅਦਾ ਕੀਤਾ ਸੀ ਕਿ ਖੇਤੀ ਵਿਕਾਸ ਬੈਂਕ ਨੂੰ ਕਰਜ਼ ਮੁਆਫੀ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਪਰ ਵਾਪਰ ਉਲਟ ਰਿਹਾ ਹੈ।

ਕਿਸਾਨ ਆਗੂਆਂ ਨੇ ਕਿਹਾ ਨੇ ਪਿਛਲੀ ਸਰਕਾਰ ਨੇ ਕਿਸਾਨਾਂ ਤੋਂ ਬੈਂਕਾਂ ਵੱਲੋਂ ਖਾਲੀ ਚੈੱਕ ਲੈਣ ਤੇ ਚੈੱਕ ਬਾਉਂਸ ਦੇ ਕੇਸ ਅਦਾਲਤਾਂ ਵਿੱਚ ਲਾਉਣ ਉਪਰ ਵੀ ਰੋਕ ਦਾ ਵਾਅਦਾ ਕੀਤਾ ਸੀ ਪਰ 20 ਹਜਾਰ ਦੇ ਕਰੀਬ ਕਿਸਾਨਾਂ ਤੇ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ ਤੇ ਸਜ਼ਾਵਾਂ ਦੇ ਡਰ ਵਿੱਚ ਕਿਸਾਨ ਜੀਅ ਰਹੇ ਹਨ। ਹੁਣ ਆਪ ਸਰਕਾਰ ਵੱਲੋਂ ਹਜ਼ਾਰਾਂ ਕਿਸਾਨਾਂ ਦੇ ਗ੍ਰਿਫਤਾਰੀ ਵਰੰਟ ਸਾਬਤ ਕਰ ਰਹੇ ਹਨ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਲਗਾਤਾਰਤਾ ਹੈ ਤੇ ਬਦਲਾਅ ਦੇ ਦਾਅਵੇ ਖੋਖਲੇ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕਰਜ਼ ਮੁਕਤੀ ਵਾਲੇ ਪਾਸੇ ਵਧਣਾ ਚਾਹੀਦਾ ਹੈ ਤੇ ਖੇਤੀ ਨੂੰ ਮੁਨਾਫੇ ਵਾਲਾ ਕਿੱਤਾ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਅਨਾਜ ਦੇ ਸੰਕਟ ਦੇ ਬਾਵਜੂਦ ਭਾਰਤ ਇਸ ਸੰਕਟ ਤੋਂ ਬਚਿਆ ਹੋਇਆ ਹੈ। ਇਸ ਵਿੱਚ ਪੰਜਾਬ ਦੀ ਕਿਸਾਨੀ ਦਾ ਅਹਿਮ ਰੋਲ ਹੈ। ਮੁਲਕ ਨੂੰ ਸੰਕਟ ਵਿੱਚੋਂ ਕੱਢਣ ਵਾਲੇ ਕਿਸਾਨ ਜਦੋਂ ਖੁਦ ਸੰਕਟ ਵਿੱਚ ਹਨ ਤਾਂ ਸਰਕਾਰਾਂ ਨੂੰ ਉਨ੍ਹਾਂ ਨੂੰ ਸੰਕਟ ਕੱਢਣ ਲਈ ਉਪਰਾਲਾ ਕਰਨਾ ਚਾਹੀਦਾ ਨਾ ਕੇ ਹੋਰ ਪ੍ਰੇਸ਼ਾਨ ਕਰਨਾ ਚਾਹੀਦਾ ਹੈ।

ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਕਰਜਾਈ ਕਿਸਾਨਾਂ ਦੇ ਵਾਰੰਟ ਨਾ ਰੁਕੇ ਤੇ ਗ੍ਰਿਫ਼ਤਾਰੀਆਂ ਹੋਈਆਂ ਤਾਂ ਪੰਜਾਬ ਸਰਕਾਰ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ।