ਕਿਸਾਨ ਯੂਨੀਅਨਾਂ ਨੇ ਕਿਹਾ ਹੈ ਕਿ ਇਸ ਦਾ ਹੱਲ ਆਰਜ਼ੀ ਖਰੀਦ ਕੇਂਦਰ ਸਥਾਪਤ ਕਰਕੇ ਕੀਤਾ ਜਾ ਸਕਦਾ ਹੈ ਤੇ ਜੋ ਕਿਸਾਨ ਘਰਾਂ ਵਿੱਚ ਰੱਖਣ ਦਾ ਪ੍ਰਬੰਧ ਕਰ ਸਕਦੇ ਹਨ, ਉਨ੍ਹਾਂ ਨੂੰ ਮਿਥੇ ਸਮੇਂ ਤੱਕ ਬੋਨਸ ਦਿੱਤਾ ਜਾ ਸਕਦਾ ਹੈ। ਜੇ ਕੇਂਦਰ ਸਰਕਾਰ ਹੁੰਗਾਰਾ ਨਾ ਭਰੇ ਤਾਂ ਪੰਜਾਬ ਸਰਕਾਰ ਆਪਣੇ ਵੱਲੋਂ ਐਲਾਨ ਕਰੇ ਤੇ ਫੌਰੀ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਘਰ ਕਣਕ ਸੰਭਾਲਣ ਵਾਲੇ ਕਿਸਾਨਾਂ ਨੂੰ ਬੋਨਸ ਦਾ ਪ੍ਰਸਤਾਵ ਕੇਂਦਰ ਸਰਕਾਰ ਕੋਲ ਭੇਜਿਆ ਹੈ ਪਰ ਮੋਦੀ ਸਰਕਾਰ ਨੇ ਅਜੇ ਕੋਈ ਹੁੰਗਾਰਾ ਨਹੀਂ ਭਰਿਆ।
ਪ੍ਰਸਤਾਵ ਮੁਤਾਬਕ ਜਿਹੜੇ ਕਿਸਾਨ 15 ਤੋਂ 30 ਅਪਰੈਲ ਤੱਕ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਕੋਈ ਬੋਨਸ ਨਹੀਂ ਮਿਲੇਗਾ। ਜਿਹੜੇ ਕਿਸਾਨ ਇੱਕ ਤੋਂ 31 ਮਈ ਵਿਚਾਲੇ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲੇਗਾ। ਜਿਹੜੇ ਕਿਸਾਨ 1 ਜੂਨ ਤੋਂ ਬਾਅਦ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 200 ਰੁਪਏ ਬੋਨਸ ਮਿਲ ਸਕਦਾ ਹੈ।