ਅਬੋਹਰ: ਅਬੋਹਰ ਦੀ ਅਰੋੜਵੰਸ ਧਰਮਸ਼ਾਲਾ ਦੇ ਬਾਹਰ ਸਥਿਤੀ ਉਸ ਵੇਲੇ ਤਨਾਅ ਪੂਰਨ ਸਥਿਤੀ ਬਣ ਗਈ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਕਾਰਕੁਨਾਂ ਨੇ ਧਰਮਸ਼ਾਲਾ ਦੇ ਅੰਦਰ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਚਲ ਰਹੀ ਮੀਟਿੰਗ ਦਾ ਵਿਰੋਧ ਕੀਤਾ। ਉਨ੍ਹਾਂ ਕੇਂਦਰ ਸਰਕਾਰ ਖਿਲਾਫ ਨਆਰੇਬਾਜ਼ੀ ਵੀ ਕੀਤੀ।

ਹਾਲਾਤ ਨੂੰ ਵੇਖਦਿਆਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਭਾਜਪਾ ਆਗੂਆਂ, ਜਿਨ੍ਹਾਂ ਵਿੱਚ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ , ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੂੜੀਆ ਅਤੇ ਹੋਰ ਆਗੂ ਤੇ ਵਰਕਰ ਸ਼ਾਮਲ ਸੀ, ਨੂੰ ਮੀਟਿੰਗ ਜਲਦ ਸਮਾਪਤ ਕਰਕੇ ਧਰਮਸ਼ਾਲਾ ਖਾਲੀ ਕਰਨ ਲਈ ਕਿਹਾ।ਕਿਸਾਨਾਂ ਨੇ ਕਿਹਾ ਕਿ ਭਾਜਪਾ ਦੀਆਂ ਮੀਟਿੰਗ ਦਾ ਵਿਰੋਧ ਉਹ ਕਰਦੇ ਰਹਿਣਗੇ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ।

ਪੁਲਿਸ ਸੁਰੱਖਿਆ ਵਿੱਚ ਵਿਧਾਇਕ ਅਤੇ ਬਾਕੀ ਆਗੂ ਧਰਮਸ਼ਾਲਾ ਵਿਚੋਂ ਬਾਹਰ ਆਏ ਅਤੇ ਵਿਧਾਇਕ ਨੂੰ ਉਥੋਂ ਰਵਾਨਾ ਕੀਤਾ ਗਿਆ।ਵਿਧਾਇਕ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਭਾਜਪਾ ਵਲੋਂ ਮੀਟਿੰਗ ਕੀਤੀ ਜਾ ਰਹੀ ਸੀ ਪਰ ਇਹ ਸਾਰੀ ਕਾਰਵਾਈ ਚੋਣਾਂ ਨੂੰ ਖਰਾਬ ਕਰਨ ਦੀ ਹੈ, ਤਾਂ ਜੋ ਚੋਣਾਂ ਨਾ ਹੋ ਸੱਕਣ।ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਅਤੇ ਇਹ ਮਾਮਲਾ ਟੇਬਲ ਤੇ ਹੱਲ ਹੋਵੇਗਾ, ਇਸ ਤਰ੍ਹਾਂ ਨਾਲ ਹੱਲ ਨਹੀਂ ਹੋ ਸਕਦਾ ਜਿਸ ਤਰੀਕੇ ਨਾਲ ਇਹ ਕਾਰਨਾ ਚਾਹੁੰਦੇ ਹਨ ।