Moga News: ਕਿਸਾਨਾਂ ਨੂੰ ਇੱਕ ਪਾਸੇ ਮੌਸਮ ਦੀ ਮਾਰ ਪੈ ਰਹੀ ਤੇ ਦੂਜੇ ਪਾਸੇ ਨਕਲੀ ਖਾਦਾਂ ਤੇ ਕੀਟਨਾਸ਼ਕ ਵੇਚ ਕੇ ਕਹਿਰ ਢਾਹਿਆ ਜਾ ਰਿਹਾ ਹੈ। ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਅੰਦਰ ਨਕਲੀ ਬੀਜਾਂ, ਖਾਦਾਂ ਤੇ ਦਵਾਈਆਂ ਦਾ ਜਾਲ ਫੈਲਿਆ ਹੋਇਆ ਹੈ। ਕਿਸਾਨਾਂ ਦੀ ਅਨਪੜ੍ਹਤਾ ਕਾਰਨ ਉਨ੍ਹਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਮੋਗਾ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਸਬ ਡਿਵੀਜ਼ਨ ਬਾਘਾਪੁਰਾਣਾ ਵਿੱਚ ਖੇਤੀਬਾੜੀ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਅਣਅਧਿਕਾਰਤ ਸਟੋਰ ਕੀਤੀ ਆਰਗੈਨਿਕ ਖਾਦ ਤੇ ਕੀਟਨਾਸ਼ਕ ਦਵਾਈਆਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। 



ਥਾਣਾ ਬਾਘਾਪੁਰਾਣਾ ਪੁਲਿਸ ਨੇ ਖੇਤੀ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਮਹਾਰਾਸ਼ਟਰ ਤੇ ਚੇਨਈ ਦੀਆਂ ਕੰਪਨੀਆਂ ਸਮੇਤ 6 ਖ਼ਿਲਾਫ਼ ਧੋਖਾਧੜੀ ਤੇ ਖਾਦ ਐਕਟ ਆਦਿ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖੇਤੀਬਾੜੀ ਟੀਮ ਵੱਲੋਂ ਭੂ-ਅਸਤਰਾ ਸੁਪਰ ਦੇ 319 ਪੈਕੇਟ, ਗਰੋਅ ਮੈਜਿਕ ਐਡਵਾਂਸ ਦੇ 103 ਪੈਕੇਟ, ਮੌਡੀਫ਼ਾਈ ਪੀਐਚ ਬੈਲੈਂਸਰ, ਐਮਆਈ ਸਿਟਰਾ ਬਰਾਮਦ ਕੀਤੇ ਗਏ ਹਨ। 


 



ਇਸ ਬਾਰੇ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ, ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਥਾਣਾ ਬਾਘਾਪੁਰਾਣਾ ਪੁਲਿਸ ਨੇ ਇੰਸਪੈਕਟਰ ਹਰਿੰਦਰਪਾਲ ਸ਼ਰਮਾ ਤੇ ਇੰਸਪੈਕਟਰ ਮਨਦੀਪ ਸਿੰਘ ਦੀ ਸ਼ਿਕਾਇਤ ਉੱਤੇ ਦੋ ਕੰਪਨੀਆਂ ਐਮਆਈ, ਲਾਈਫ਼ ਸਟਾਈਲ ਮਾਰਕੀਟਿੰਗ ਗਲੋਬਲ ਪ੍ਰਾਈਵੇਟ ਲਿਮਟਿਡ 25 ਜੀਐਨ ਚੇਟੀ ਰੋਡ, ਟੀ.ਨਗਰ ਚੇਨਈ ਤੇ ਮੈਸਰਜ਼. ਯਸ਼ ਆਰਗੈਨਿਕ, ਨਾਸਿਕ ਸਿਟੀ, (ਮਹਾਰਾਸ਼ਟਰ) ਤੋਂ ਇਲਾਵਾ ਬਾਘਾਪੁਰਾਣਾ ਵਿਚ ਮੁੱਦਕੀ ਰੋਡ ਉੱਤੇ ਸਕਸ਼ਮ ਐਸੋਸੀਏਟਸ ਨਾਮ ਉੱਤੇ ਕਾਰੋਬਾਰ ਕਰਨ ਵਾਲੇ ਰੁਪਿੰਦਰ ਸਿੰਘ ਵਾਸੀ ਭਗਤਾ ਭਾਈ (ਬਠਿੰਡਾ) ਸੰਜੈ ਸਿੰਘ ਕੈਨਾਲ ਕਲੋਨੀ ਬਠਿੰਡਾ, ਮਨਪ੍ਰੀਤ ਸਿੰਘ ਪਿੰਡ ਮੱਲਣ (ਮੁਕਤਸਰ) ਤੇ ਸੋਨੂੰ ਵਾਸੀ ਆਦਰਸ਼ ਨਗਰ, ਬਠਿੰਡਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 


ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ‘ਆਪ’ ਸਰਕਾਰ ਨਕਲੀ ਬੀਜਾਂ, ਖਾਦਾਂ ਤੇ ਦਵਾਈਆਂ ਨੂੰ ਮੁਕੰਮਲ ਤੌਰ ’ਤੇ ਖਤਮ ਕਰੇਗੀ ਤੇ ਖੇਤੀ ਸੈਕਟਰ ਵਿਚਲੇ ਹਰ ਮਾਫ਼ੀਆ ਨੂੰ ਨੱਥ ਪਾਈ ਜਾਵੇਗੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।