Lok sabha Election: ਲੋਕ ਸਭਾ ਚੋਣਾਂ ਨੂੰ ਲੈ ਸਿਆਸੀ ਧਿਰਾਂ ਵੱਲੋਂ ਪੂਰੀ ਤਾਕਤ ਝੋਕ ਦਿੱਤੀ ਗਈ ਹੈ ਪਰ ਇਸ ਮੌਕੇ ਪੰਜਾਬ ਤੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਚੋਣ ਪ੍ਰਚਾਰ ਨੂੰ ਬ੍ਰੇਕਾਂ ਲਾ ਦਿੱਤੀਆਂ ਹਨ। ਭਾਜਪਾ ਦੇ ਲੀਡਰਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿਵੇਂ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਉਵੇਂ ਹੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। 


ਕਿਹੜੇ ਲੀਡਰਾਂ ਨੂੰ ਕਰਨਾ ਪਿਆ ਵਿਰੋਧ ਦਾ ਸਾਹਮਣਾ


ਜੇ ਤਾਜ਼ਾ ਹਲਾਤਾਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਫ਼ਰੀਦਕੋਟ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਪਹਿਲੇ ਰੋਡ ਸ਼ੋਅ ਦੌਰਾਨ ਹੀ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨਾਂ ਨੇ ਭਜਾਪਾ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਅਗਲੇ ਦਿਨ ਮੋਗਾ ਵਿੱਚ ਚੋਣ ਪ੍ਰਚਾਰ ਦੌਰਾਨ ਇਹੋ ਕੁਝ ਹੀ ਵਾਪਰਿਆ। ਉੱਥੇ ਹੀ ਹਰਿਆਣਾ ਵਿੱਚ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਦੇ ਹੱਕ ਵਿੱਚ ਪ੍ਰਚਾਰ ਕਰਨ ਦੌਰਾਨ ਮੁੱਖ ਮੰਤਰੀ ਨਾਇਬ ਸੈਣਾ ਦਾ ਵੀ ਜਮ ਕੇ ਵਿਰੋਧ ਹੋਇਆ। ਜੇ ਦੂਜੇ ਲੀਡਰਾਂ ਵੱਲ ਨਜ਼ਰ ਮਾਰੀ ਜਾਵੇ ਤਾਂ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ, ਅੰਮ੍ਰਿਤਰਸ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਸੋਨੀਪਤ, ਹਿਸਾਰ ਤੇ ਸਿਰਸਾ ਵਿੱਚ ਭਾਜਪਾ ਲੀਡਰਾਂ ਦਾ ਜਮ ਕੇ ਵਿਰੋਧ ਹੋਇਆ ਹੈ। ਕਿਸਾਨਾਂ  ਦੇ ਰੋਹ ਨੂੰ ਦੇਖਦਿਆਂ ਹੋਇਆ ਭਾਜਪਾ ਲੀਡਰਾਂ ਨੇ ਵਿਰੋਧ ਵਾਲੀਆਂ ਥਾਵਾਂ ਉੱਤੇ ਪ੍ਰਚਾਰ ਹੌਲੀ ਕਰ ਦਿੱਤਾ ਹੈ।


ਕਿਹੜੇ ਸਵਾਲਾਂ ਦਾ ਕਰਨਾ ਪੈ ਰਿਹਾ ਸਾਹਮਣਾ


ਜਦੋਂ ਵੀ ਭਾਜਪਾ ਦੇ ਲੀਡਰ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨ ਉਨ੍ਹਾਂ ਤੋਂ ਸਵਾਲ ਪੁੱਛ ਰਹੇ ਹਨ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਕਿਉਂ ਮੁਆਫ਼ ਨਹੀਂ ਕੀਤਾ ਗਿਆ। ਕੇਂਦਰ ਸਰਕਾਰ ਐਮਐਸਪੀ ਉੱਤੇ ਕਾਨੂੰਨੀ ਗਾਰੰਟੀ ਕਿਉਂ ਨਹੀਂ ਦੇ ਰਹੀ। ਜਿਨ੍ਹਾਂ ਦੇ ਜਵਾਬ ਭਾਜਪਾ ਲੀਡਰਾਂ ਲਈ ਦੇਣੇ ਔਖੇ ਹੋ ਰਹੇ ਹਨ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਦਿੱਲੀ ਉਨ੍ਹਾਂ ਦੀ ਵੀ ਰਾਜਧਾਨੀ ਹੈ ਫਿਰ ਉਨ੍ਹਾਂ ਨੂੰ ਜਾਣ ਤੋਂ ਕਿਉਂ ਰੋਕਿਆ ਗਿਆ ਹੈ।