ਸੰਗਰੂਰ : ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦਾਅਵਾ ਕੀਤਾ ਸੀ ਕਿ ਬੁੱਧਵਾਰ ਨੂੰ ਹੋਈ ਮੀਟਿੰਗ 'ਚ 32 ਕਿਸਾਨ ਜਥੇਬੰਦੀਆਂ ਸੰਤੁਸ਼ਟ ਹੋ ਗਈਆਂ ਹਨ ਪਰ ਅੱਜ ਅਗਲੇ ਦਿਨ ਹੀ ਇਸ ਦੀ ਪੋਲ ਖੁੱਲ੍ਹ ਗਈ। ਅੱਜ ਅੱਕੇ ਕਿਸਾਨਾਂ ਨੇ ਲਹਿਰਾਗਾਗਾ 'ਚ ਰੇਲਵੇ ਟ੍ਰੈਕ ਜਾਮ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਰੋਸ ਪ੍ਰਦਰਸ਼ਨ ਕੀਤਾ। ਦਰਅਸਲ ਇਹ ਕਿਸਾਨ ਲਗਾਤਾਰ ਪਿਛਲੇ ਛੇ ਦਿਨਾਂ ਤੋਂ ਐਸਡੀਐਮ ਦਫਤਰ ਤੇ ਤਹਿਸੀਲ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਹਨ। ਅਫਸਰ ਇਨ੍ਹਾਂ ਦੀਆਂ ਮੰਗਾਂ ਮੰਨਣ ਲਈ ਰਾਜ਼ੀ ਨਹੀਂ ਨਹੀਂ ਹੋਏ। ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਰ ਕੇ ਉਨ੍ਹਾਂ ਨੇ ਰੇਲਵੇ ਟ੍ਰੈਕ ਨੂੰ ਜਾਮ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਲੀਡਰਾਂ ਨੇ ਕਿਹਾ ਹੈ ਕਿ ਸਾਡਾ ਲਗਾਤਾਰ 12 ਤਰੀਕ ਤੋਂ ਐਸਡੀਐਮ ਦਫ਼ਤਰ ਮੂਹਰੇ ਧਰਨਾ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਡੀਏਪੀ ਦਾ ਪ੍ਰਬੰਧ ਕਰਨ ਨਾਲ ਹੀ ਮੰਡੀਆਂ 'ਚ ਲਗਾਤਾਰ ਕਈ ਦਿਨਾਂ ਤੋਂ ਰੁਲ ਰਹੇ ਝੋਨੇ ਨੂੰ ਚੁੱਕਣ ਦਾ ਪ੍ਰਬੰਧ ਕੀਤਾ ਜਾਵੇ। ਲਗਾਤਾਰ 12 ਦਿਨਾਂ ਤੋਂ ਧਰਨਾ ਜਾਰੀ ਰਹਿਣ ਦੇ ਬਾਵਜੂਦ ਵੀ ਸਾਡੇ ਕੋਲ ਨਾ ਕੋਈ ਐਸਡੀਐਮ ਤੇ ਨਾ ਕੋਈ ਤਹਿਸੀਲਦਾਰ ਜਾਂ ਕੋਈ ਉੱਚ ਅਧਿਕਾਰੀ ਆਇਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਲਹਿਰਾਗਾਗਾ 'ਚ ਤਹਿਸੀਲ ਦਫ਼ਤਰ ਦਾ ਘਿਰਾਓ ਪਰਸੋਂ ਕੀਤਾ ਗਿਆ ਸੀ। ਉਸੇ ਤਰ੍ਹਾਂ ਹੀ ਮੂਨਕ ਵੀ ਤਹਿਸੀਲਦਾਰ ਦਫਤਰ ਤੇ ਐਸਡੀਐਮ ਦਫ਼ਤਰ ਧਰਨਾ ਲਗਾਤਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਵੀ ਚੰਨੀ ਸਰਕਾਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਅਸੀਂ ਝੋਨਾ ਮੰਡੀਆਂ 'ਚੋਂ ਚੁਕਾ ਦੇਵਾਂਗੇ ਤੇ ਡੀਏਪੀ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ ਪਰ 48 ਘੰਟੇ ਬੀਤਣ ਤੋਂ ਬਾਅਦ ਮਜਬੂਰ ਹੋ ਕੇ ਟ੍ਰੈਕ 'ਤੇ ਧਰਨਾ ਲਾਉਣਾ ਪਿਆ। ਕਿਸਾਨਾਂ ਨੇ ਕਿਹਾ ਕਿ ਇਕ ਤਾਂ ਸਰਕਾਰ ਨੇ ਜੀਰੀ ਦੀ ਖਰੀਦ ਨੂੰ ਬੰਦ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਕਣਕ ਦੀ ਫਸਲ ਨੂੰ ਬਿਜਾਈ ਲਈ ਖੜੇ ਹਾਂ ਪਰ ਸਰਕਾਰ ਨੇ ਡੀਏਪੀ ਦਾ ਪ੍ਰਬੰਧ ਨਹੀਂ ਕੀਤਾ।