Farmer Protest: ਕਿਸਾਨਾਂ ਦੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਜਾ ਰਹੀ  ਇੱਕ ਹੋਰ ਬੱਸ ਹੋਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਬਠਿੰਡਾ ਤਲਵੰਡੀ ਸਾਬੋ ਸੜਕ ਉੱਤੇ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਸੰਘਣ ਧੁੰਦ ਹੋਣ ਕਰਕੇ ਵਾਪਰਿਆ ਹੈ। ਕਿਹਾ ਜਾ ਰਿਹਾ ਹੈ ਕਿ ਧੁੰਦ ਜ਼ਿਆਦਾ ਹੋਣ ਕਰਕੇ ਸੜਕ ਵਿਚਾਲੇ ਦਾ ਡਿਵਾਈਡਰ ਦਿਖਾਈ ਨਹੀਂ ਦਿੱਤਾ ਤੇ ਰਫਤਾਰ ਤੇਜ਼ ਹੋਣ ਕਰਕੇ ਬੱਸ ਦਾ ਸੰਤੁਲਨ ਵਿਗੜ ਗਿਆ। ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ 20 ਤੋਂ 25 ਕਿਸਾਨ ਬੱਸ ਵਿੱਚ ਮੌਜੂਦ ਸਨ। ਖੈਰੀਅਤ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਹਾਲਾਂਕਿ ਦੋ ਤੋਂ ਤਿੰਨ ਕਿਸਾਨ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।



ਬਰਨਾਲਾ 'ਚ ਕਿਸਾਨਾਂ ਦੀ ਬੱਸ ਹਾਦਸੇ ਦੀ ਸ਼ਿਕਾਰ 


ਬਰਨਾਲਾ 'ਚ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਹ ਬੱਸ ਖਨੌਰੀ ਸਰਹੱਦ ਉੱਤੇ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ ਜਿਸ ਦੌਰਾਨ ਇਸ ਦੀ ਟਰੱਕ ਨਾਲ ਟੱਕਰ ਹੋ ਗਈ। ਦੱਸ ਦਈਏ ਕਿ ਇਹ ਹਾਦਸਾ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਉੱਤੇ ਜੇਲ੍ਹ ਦੇ ਨੇੜੇ ਹੋਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਸਵਾਰ ਕਈ ਕਿਸਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਇੱਕ ਮਹਿਲਾ ਕਿਸਾਨ ਦੀ ਮੌਤ ਹੋ ਗਈ ਹੈ।



ਖਨੌਰੀ ਬਾਰਡਰ ਉੱਤੇ ਕਿਸਾਨਾਂ ਦੀ ਮਹਾਪੰਚਾਇਤ 


ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ 'ਤੇ ਅੱਜ ਅੰਦੋਲਨਕਾਰੀ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ। ਇੱਥੇ ਕਿਸਾਨ ਆਗੂ ਜਗਜੀਤ ਡੱਲੇਵਾਲ 40 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ। ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਨੂੰ ਗੱਲਬਾਤ ਲਈ ਖਨੌਰੀ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਸੀ। ਡੱਲੇਵਾਲ ਵੀ ਸਟੇਜ 'ਤੇ ਆ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਕਿਸਾਨਾਂ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਜੀਂਦ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਹੈ। ਬੀਐਨਐਸ ਦੀ ਧਾਰਾ 163 (ਆਈਪੀਸੀ ਦੀ ਪਹਿਲਾਂ ਧਾਰਾ 144) ਜ਼ਿਲ੍ਹੇ ਵਿੱਚ ਲਾਗੂ ਕੀਤੀ ਗਈ ਹੈ।


ਇਹ ਵੀ ਪੜ੍ਹੋ-Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ