ਚੰਡੀਗੜ੍ਹ: ਪੰਜਾਬ ਸਰਕਾਰ ਨੇ ਝੋਨੇ ਦੀ ਲੁਆਈ ਲਈ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ।ਫਿਰ ਇਸਨੂੰ ਘਟਾ ਕੇ ਛੇ ਘੰਟੇ ਕਰ ਦਿੱਤਾ ਗਿਆ।ਕਿਸਾਨ ਲੀਡਰਾਂ ਨੇ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਸਿਰਫ ਚਾਰ ਘੰਟੇ ਬਿਜਲੀ ਆ ਰਹੀ ਹੈ।ਹੁਣ ਉਹ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਜੇਕਰ ਸਰਕਾਰ ਨੇ 12 ਘੰਟੇ ਬਿਜਲੀ ਨਹੀਂ ਦੇਣੀ ਤਾਂ ਘੱਟੋਂ-ਘੱਟ ਅੱਠ ਘੰਟੇ ਹੀ ਬਿਜਲੀ ਦਿੱਤੀ ਜਾਵੇ।  


ਕਿਸਾਨਾਂ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰਦੀ ਨਜ਼ਰ ਆ ਰਹੀ ਹੈ।ਹੁਣ ਤਾਂ ਸੀਐਮ ਭਗਵੰਤ ਮਾਨ ਦੀ ਮੁਲਾਕਾਤ ਦੇਸ਼ ਦੇ ਗ੍ਰਹਿ ਮਤਰੀ ਅਮਿਤ ਸ਼ਾਹ ਨਾਲ ਵੀ ਹੋ ਗਈ ਹੈ । 


ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਫਸਲਾਂ ਦੀ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੀ ਹੈ। ਜੇ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਡਾਈਵਰਸਿਫੇਕਸ਼ਨ ਕਰਨ ਤਾਂ ਸਰਕਾਰ ਗਾਰੰਟੀ ਦੇਵੇ ਕਿ ਉਨ੍ਹਾਂ ਦੀਆਂ ਫਸਲਾਂ ਜਿਵੇਂ ਕਿ ਦਾਲ, ਮੱਕੀ, ਬਾਜਰਾ ਜਾਂ ਗੰਨੇ ਦੀ ਫਸਲ ਚੁੱਕੀ ਜਾਏਗੀ।ਉਹਨਾਂ ਕਿਹਾ ਕਿ ਸਰਕਾਰ ਗਾਰੰਟੀ ਦੇਵੇ ਕਿ 10 ਹਜਾਰ ਰੁਪਏ ਪ੍ਰਤੀ ਏਕੜ ਮਾਲੀ ਮਦਦ ਵੀ ਕੀਤੀ ਜਾਵੇਗੀ। ਜੇਕਰ ਸਰਕਾਰ ਇਹ ਭਰੋਸਾ ਦਿੰਦੀ ਹੈ ਤਾਂ ਉਹ ਇਹ ਕਰਨ ਲਈ ਤਿਆਰ ਹਨ।


ਉਨ੍ਹਾਂ ਅੱਗੇ ਕਿਹਾ ਕਿ ਜੇ ਪੰਜਾਬ ਸਰਕਾਰ ਵਾਅਦੇ ਪੂਰੇ ਨਹੀਂ ਕਰਦੀ ਤਾਂ ਕਿਸਾਨ ਜਥੇਬੰਦੀਆਂ ਸਰਕਾਰ ਖਿਲਾਫ ਸਖ਼ਤ ਰੁੱਖ ਅਪਨਾਉਣਗੀਆਂ।ਕਿਸਾਨਾਂ ਨੇ ਕਿਹਾ ਕਿ ਗੰਨੇ ਦਾ ਅਜੇ ਵੀ 900 ਕਰੋੜ ਰੁਪਏ ਬਕਾਇਆ ਹੈ।ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨਹਿਰੀ ਪਾਣੀ ਤੁਰੰਤ ਛੱਡਿਆ ਜਾਵੇ।


ਕਿਸਾਨਾਂ ਨੇ ਆਪ ਸਰਕਾਰ 'ਤੇ ਆਰੋਪ ਲਾਉਂਦੇ ਹੋਏ ਕਿਹਾ ਕਿ ਸਰਕਾਰ ਸੰਜੀਦਗੀ ਨਾਲ ਕੰਮ ਨਹੀਂ ਕਰ ਰਹੀ ਹੈ।ਉਨ੍ਹਾਂ ਅੱਗੇ ਕਿਹਾ ਕਿ ਬਹੁਤ ਜਲਦ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਏਗੀ।ਕਿਸਾਨ ਜਥੇਬੰਦੀਆਂ ਦੀ ਆਪਸੀ ਏਕਤਾ ਬਰਕਰਾਰ ਹੈ।