Floods destroyed crops in 12 states: ਇਸ ਵਾਰ ਮਾਨਸੂਨ ਨੇ ਦੇਸ਼ ਭਰ ਵਿੱਚ ਤਬਾਹੀ ਮਚਾਈ ਹੈ। ਬੇਸ਼ੱਕ ਤਬਾਹੀ ਦੀਆਂ ਬਹੁਤੀਆਂ ਖਬਰਾਂ ਹਿਮਾਚਲ ਪ੍ਰਦੇਸ਼ ਤੋਂ ਹੀ ਆ ਰਹੀਆਂ ਹਨ ਪਰ 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਭਾਰੀ ਬਾਰਸ਼ ਤੇ ਹੜ੍ਹਾਂ ਕਾਰਨ ਭਾਰਤ ਦੇ 12 ਰਾਜਾਂ ਵਿੱਚ 1.58 ਲੱਖ ਹੈਕਟੇਅਰ ਤੋਂ ਵੱਧ ਫਸਲੀ ਰਕਬਾ ਪ੍ਰਭਾਵਿਤ ਹੋਇਆ ਹੈ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਪ੍ਰਾਪਤ ਹੋਈ ਹੈ। ਪ੍ਰਭਾਵਿਤ ਖੇਤਰ ਵਿੱਚ ਖੇਤੀਬਾੜੀ ਤੇ ਬਾਗਬਾਨੀ ਦੋਵੇਂ ਫਸਲਾਂ ਸ਼ਾਮਲ ਹਨ।
ਲੋਕ ਸਭਾ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 2025 ਦੇ ਮਾਨਸੂਨ ਸੀਜ਼ਨ ਦੌਰਾਨ ਗੜੇਮਾਰੀ, ਭਾਰੀ ਬਾਰਸ਼ ਤੇ ਹੜ੍ਹਾਂ ਕਾਰਨ ਪ੍ਰਭਾਵਿਤ ਫਸਲੀ ਖੇਤਰ ਦੇ ਵੇਰਵੇ ਸਾਂਝੇ ਕੀਤੇ। ਚੌਹਾਨ ਨੇ ਕਿਹਾ ਕਿ ਪ੍ਰਭਾਵਿਤ ਫਸਲਾਂ ਵਿੱਚ ਝੋਨਾ, ਕਣਕ, ਜੌਂ, ਸਰ੍ਹੋਂ, ਜਵਾਰ, ਬਾਜਰਾ, ਮੱਕੀ, ਪਿਆਜ਼ ਤੇ ਬਾਗਬਾਨੀ ਫਸਲਾਂ ਸ਼ਾਮਲ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ 1 ਅਪ੍ਰੈਲ ਤੋਂ 14 ਜੁਲਾਈ ਦਰਮਿਆਨ ਹੜ੍ਹਾਂ ਤੇ ਭਾਰੀ ਬਾਰਸ਼ ਕਾਰਨ 12 ਰਾਜਾਂ ਵਿੱਚ ਕੁੱਲ 1,58,651 ਹੈਕਟੇਅਰ ਫਸਲੀ ਰਕਬਾ ਪ੍ਰਭਾਵਿਤ ਹੋਇਆ ਹੈ।
ਇਨ੍ਹਾਂ ਰਾਜਾਂ ਵਿੱਚ ਫਸਲਾਂ ਤਬਾਹ
1. ਪੰਜਾਬ 3,569.11 ਹੈਕਟੇਅਰ
2. ਅਰੁਣਾਚਲ ਪ੍ਰਦੇਸ਼ 1,706.667 ਹੈਕਟੇਅਰ
3. ਅਸਾਮ 35,024 ਹੈਕਟੇਅਰ
4. ਕਰਨਾਟਕ 18,093 ਹੈਕਟੇਅਰ
5. ਮਹਾਰਾਸ਼ਟਰ 91,429 ਹੈਕਟੇਅਰ
6. ਮਣੀਪੁਰ 439.776 ਹੈਕਟੇਅਰ
7. ਮੇਘਾਲਿਆ 6,372.302 ਹੈਕਟੇਅਰ
8. ਨਾਗਾਲੈਂਡ 11 ਹੈਕਟੇਅਰ
9. ਓਡੀਸ਼ਾ 753 ਹੈਕਟੇਅਰ
10. ਸਿੱਕਮ 5.662 ਹੈਕਟੇਅਰ
11. ਜੰਮੂ ਤੇ ਕਸ਼ਮੀਰ 1239.09 ਹੈਕਟੇਅਰ
12. ਉੱਤਰਾਖੰਡ 8.468 ਹੈਕਟੇਅਰ
ਨੁਕਸਾਨ ਦੀ ਜ਼ਿੰਮੇਵਾਰੀ ਰਾਜ ਸਰਕਾਰ ਚੁੱਕੇਗੀ
ਚੌਹਾਨ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਯੋਜਨਾ (NDMP) ਅਨੁਸਾਰ ਆਫ਼ਤ ਪ੍ਰਬੰਧਨ ਦੀ ਮੁੱਢਲੀ ਜ਼ਿੰਮੇਵਾਰੀ, ਜਿਸ ਵਿੱਚ ਨੁਕਸਾਨ ਦਾ ਮੁਲਾਂਕਣ ਤੇ ਜ਼ਮੀਨੀ ਪੱਧਰ 'ਤੇ ਰਾਹਤ ਉਪਾਵਾਂ ਦਾ ਪ੍ਰਬੰਧ ਸ਼ਾਮਲ ਹੈ, ਸਬੰਧਤ ਰਾਜ ਸਰਕਾਰਾਂ ਦੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਰਾਜ ਸਰਕਾਰਾਂ ਦੇ ਯਤਨਾਂ ਨੂੰ ਪੂਰਕ ਸਹਾਇਤਾ ਪ੍ਰਦਾਨ ਕਰਦੀ ਹੈ ਜਿਸ ਵਿੱਚ ਲੌਜਿਸਟਿਕਲ ਤੇ ਵਿੱਤੀ ਸਹਾਇਤਾ ਸ਼ਾਮਲ ਹੈ।
SDRF ਤੇ NDRF ਅਧੀਨ ਸਹਾਇਤਾ
ਰਾਜ ਸਰਕਾਰਾਂ 12 ਸੂਚਿਤ ਕੁਦਰਤੀ ਆਫ਼ਤਾਂ ਦੇ ਮਾਮਲੇ ਵਿੱਚ ਰਾਜ ਆਫ਼ਤ ਪ੍ਰਤੀਕਿਰਿਆ ਫੰਡ (SDRF) ਤੋਂ ਪ੍ਰਭਾਵਿਤ ਲੋਕਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਦੀਆਂ ਹਨ। ਹਾਲਾਂਕਿ, ਜੇਕਰ ਆਫ਼ਤ 'ਗੰਭੀਰ ਪ੍ਰਕਿਰਤੀ' ਦੀ ਹੈ, ਤਾਂ ਤੈਅ ਪ੍ਰਕਿਰਿਆ ਅਨੁਸਾਰ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੰਡ (NDRF) ਤੋਂ ਵਾਧੂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਪ੍ਰਕਿਰਿਆ ਵਿੱਚ ਇੱਕ ਅੰਤਰ-ਮੰਤਰਾਲਾ ਕੇਂਦਰੀ ਟੀਮ ਆਫ਼ਤ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਾ ਤੇ ਮੁਲਾਂਕਣ ਕਰਨਾ ਸ਼ਾਮਲ ਹੈ। ਚੌਹਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ SDRF ਤੇ NDRF ਅਧੀਨ ਦਿੱਤੀ ਗਈ ਸਹਾਇਤਾ ਰਾਹਤ ਦੇ ਰੂਪ ਵਿੱਚ ਹੈ।