ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕਾਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਕਰੇਨ ਨਾਲ ਉਲਟਾ ਲਟਕਾਉਂਦਾ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਹਾਲੀਆ ਲੋਕ ਸਭਾ ਚੋਣਾਂ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।






ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਇਸ ਦੌਰਾਨ ਸਾਨੂੰ ਵੀਡੀਓ ਦੇ ਵਿੱਚ ਫੁਲਵਾੜੀ ਸਕੂਲ ਦਾ ਫਲੈਕਸ ਦਿਖਿਆ। ਗੂਗਲ ਤੇ ਫੁਲਵਾੜੀ ਸਕੂਲ ਨੂੰ ਸਰਚ ਕਰਨ ਤੇ ਅਸੀਂ ਪਾਇਆ ਕਿ ਇਹ ਸਕੂਲ ਜਲੰਧਰ ਦੇ ਨੇੜੇ ਲੋਹੀਆਂ ਖਾਸ ਵਿਖੇ ਸਥਿਤ ਹੈ।


ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਸਬੁੱਕ ਤੇ ਕੀ ਵਰਡ ‘ਮੋਦੀ ਕਰੇਨ ਲੋਹੀਆਂ’ ਸਰਚ ਕੀਤਾ। ਇਸ ਦੌਰਾਨ ਸਾਨੂੰ ਨਾਮਵਰ ਮੀਡਿਆ ਅਦਾਰੇ ‘ਡੈਲੀ ਅਜੀਤ‘ ਦੁਆਰਾ 8 ਦਿਸੰਬਰ 2020 ਨੂੰ ਅਪਲੋਡ ਕੀਤੀ ਗਈ ਵੀਡੀਓ ਮਿਲੀ। ਡੈਲੀ ਅਜੀਤ ਦੀ ਵੀਡੀਓ ਅਤੇ ਵਾਇਰਲ ਵੀਡੀਓ ਦੇ ਵਿੱਚ ਸਾਨੂੰ ਕਈ ਸਮਾਨਤਾਵਾਂ ਨਜ਼ਰ ਆਈਆਂ। ਵੀਡੀਓ ਵਿੱਚ ਨਜ਼ਰ ਆ ਰਹੀਆਂ ਦੁਕਾਨਾਂ ਲੋਹੀਆਂ ਖਾਸ ਦੇ ਬਾਜ਼ਾਰ ਵਿਚ ਹਨ। ਇਸ ਦੇ ਨਾਲ ਹੀ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਅਤੇ ਕਰੇਨ ਵੀ ਹੁਬੂਹੁ ਹਨ।



ਡੈਲੀ ਅਜੀਤ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਮੁਤਾਬਕ ਇਹ ਵੀਡੀਓ ਕਿਸਾਨ ਅੰਦੋਲਨ ਦੇ ਸਮੇਂ ਦੀ ਹੈ। ਲੋਹੀਆਂ ਖਾਸ ਵਿਖੇ ਭਾਰਤ ਬੰਦ ਦੇ ਸੱਦੇ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਗਿਆ ਸੀ।




ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਦੇ ਲਈ ਡੈਲੀ ਅਜੀਤ ਦੇ ਪੱਤਰਕਾਰ ਗੁਰਪਾਲ ਸਿੰਘ ਸ਼ਤਾਬਗੜ੍ਹ ਨੂੰ ਸੰਪਰਕ ਕੀਤਾ। ਗੁਰਪਾਲ ਸਿੰਘ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਕਿਸਾਨ ਅੰਦੋਲਨ ਅਤੇ ਸਾਲ 2020 ਦੀ ਹੈ ਜਦੋ ਕਿਸਾਨ ਜੱਥੇਬੰਦੀਆਂ ਦੁਆਰਾ ਕਿਸਾਨੀ ਬਿੱਲਾਂ ਖਿਲਾਫ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਕਰੇਨ ਨਾਲ ਪੁੱਠਾ ਟੰਗ ਦਿੱਤਾ ਸੀ। ਉਹਨਾਂ ਨੇ ਦੱਸਿਆ ਕਿ ਇਹ ਵੀਡੀਓ ਲੋਹੀਆਂ ਖਾਸ ਦੇ ਬਾਜ਼ਾਰ ਦੇ ਟੀ ਪੁਆਇੰਟ ਦੀ ਹੈ।


ਨਤੀਜਾ


ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2020 ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹੈ। ਵਾਇਰਲ ਵੀਡੀਓ ਜਲੰਧਰ ਦੇ ਨੇੜੇ ਸਥਿਤ ਲੋਹੀਆਂ ਖਾਸ ਦੀ ਹੈ ਜਿਥੇ ਕਿਸਾਨੀ ਬਿੱਲਾਂ ਖਿਲਾਫ ਵੱਖ ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪ੍ਰਦਰਸ਼ਨ ਕੀਤਾ ਗਿਆ ਸੀ।


DISCLAIMER: This story was originally published by Newschecker.in, as part of the Shakti Collective. This story has not been edited by ABPLIVE staff.