ਚੰਡੀਗੜ੍ਹ: ਤਿੱਖੀ ਬਿਆਨਬਾਜ਼ੀ ਕਰਕੇ ਵਿਵਾਦਾਂ ਵਿੱਚ ਘਿਰੇ ਰੁਲਦੂ ਸਿੰਘ ਮਾਨਸਾ ਪੰਜਾਬ ਸਰਕਾਰ ਦੀ ਸੁਰੱਖਿਆ ਛਤਰੀ ਹੇਠ ਰਹਿਣਗੇ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਏ ਗਏ ਹਨ। ਵਿਵਾਦਤ ਬਿਆਨਬਾਜ਼ੀ ਕਰਕੇ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸੀ।
ਰੁਲਦੂ ਸਿੰਘ ਨੂੰ ਹੁਣ ਆਪਣੀਆਂ ਸਰਗਰਮੀਆਂ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਨਾਲ ਵੇਖਿਆ ਜਾਂਦਾ ਹੈ। ਉਹ ਜਿੱਥੇ ਵੀ ਜਾਂਦੇ ਹਨ, ਪੁਲਿਸ ਮੁਲਾਜ਼ਮ ਉਨ੍ਹਾਂ ਦੇ ਨਾਲ ਰਹਿੰਦੇ ਹਨ। ਉਧਰ, ਸੋਸ਼ਲ ਮੀਡੀਆ ਉੱਪਰ ਸਵਾਲ ਉੱਠ ਰਹੇ ਹਨ ਕਿ ਜਿਨ੍ਹਾਂ ਸਰਕਾਰਾਂ ਖਿਲਾਫ ਲੜਾਈ ਵਿੱਢੀ ਹੈ, ਉਨ੍ਹਾਂ ਤੋਂ ਹੀ ਸੁਰੱਖਿਆ ਗਾਰਡ ਲੈਣਾ ਕਿੰਨਾ ਕੁ ਜਾਇਜ਼ ਹੈ। ਇਸ ਲਈ ਕਿਸਾਨ ਲੀਡਰ ਦੀ ਕਾਫੀ ਅਲੋਚਨਾ ਵੀ ਹੋ ਰਹੀ ਹੈ।
ਉਧਰ, ਇਸ ਬਾਰੇ ਰੁਲਦੂ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀ ਦੇ ਲੀਡਰਾਂ ਦੀ ਸਲਾਹ ਤੋਂ ਬਾਅਦ ਹੀ ਉਨ੍ਹਾਂ ਨੇ ਗੰਨਮੈਨ ਲਏ ਹਨ। ਦੱਸ ਦਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੂਬੇ ਵਿੱਚ ਵਿੱਢੇ ਸੰਘਰਸ਼ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਜਥੇਬੰਦੀ ਦੇ ਸੂਬਾ ਪ੍ਰਧਾਨ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੋਵੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰੁਲਦੂ ਸਿੰਘ ਵੱਲੋਂ ਦਿੱਲੀ ਦੀ ਇੱਕ ਕਿਸਾਨ ਕਾਨਫਰੰਸ ਦੌਰਾਨ ਦਿੱਤੀ ਗਈ ਤਕਰੀਰ ਤੋਂ ਬਾਅਦ ਕੁਝ ਗਰਮ ਖਿਆਲੀਆਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਸਬਕ ਸਿਖਾਉਣ ਵਰਗੀਆਂ ਗੱਲਾਂ ਕਹੀਆਂ ਸਨ। ਇਸ ਮਗਰੋਂ ਰੁਲਦੂ ਸਿੰਘ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Petrol-Diesel Price Today 2 September: ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904