ਪਟਿਆਲਾ :  ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਰਾਜ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀਆਂ 'ਕਿਸਾਨ ਉਤਪਾਦਕ ਸੰਸਥਾਵਾਂ' ਬਣਾ ਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ 'ਚ ਸਹਾਇਤਾ ਕਰਨ ਲਈ ਅੱਗੇ ਆਉਣ। ਸਪੀਕਰ ਸ. ਸੰਧਵਾਂ, ਪਟਿਆਲਾ ਸਥਿਤ ਬਾਣੀ ਦੁੱਧ ਉਤਪਾਦਕ ਕੰਪਨੀ ਦੇ ਮੁੱਖ ਦਫ਼ਤਰ ਦਾ ਦੌਰਾ ਕਰਕੇ ਇਸਦੇ ਇੱਕ ਸਫ਼ਲ 'ਕਿਸਾਨ ਉਤਪਾਦਕ ਸੰਸਥਾ' (ਐਫ.ਪੀ.ਓ) ਵਾਲੇ ਮਾਡਲ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਬਾਣੀ ਦੁੱਧ ਉਤਪਾਦਕ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਰਿੰਦਰ ਬਾਗਾ ਅਤੇ ਦੁੱਧ ਇਕੱਤਰਣ ਮੁਖੀ ਡਾ. ਨਵਦੀਪ ਧੰਮ ਤੋਂ ਐਫ.ਪੀ.ਓ. ਬਾਣੀ ਬਾਬਤ ਸਮੁਚੀ ਜਾਣਕਾਰੀ ਹਾਸਲ ਕੀਤੀ।



ਇਸ ਦੌਰਾਨ ਗੱਲਬਾਤ ਕਰਦਿਆਂ ਸ. ਸੰਧਵਾਂ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਜ਼ੋਰ-ਸ਼ੋਰ ਨਾਲ ਹੋਰ ਅੱਗੇ ਵਧਾਉਣ ਲਈ ਸਾਡੇ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਉਦਮੀਆਂ ਦੇ ਸਿੱਧੇ ਤੌਰ 'ਤੇ ਸਹਿਯੋਗ ਦੀ ਇਕਜੁਟਤਾ ਦੇ ਨਾਲ ਲੋੜ ਹੈ। ਇਨ੍ਹਾਂ ਸਾਰਿਆਂ ਨੂੰ ਇਕਮੁੱਠ ਕਰਕੇ ਨਾਲ ਤੋਰਨ ਲਈ ਐਫ.ਪੀ.ਓਜ਼ ਇੱਕ ਵਧੀਆ ਸਾਧਨ ਹੈ ਪਰੰਤੂ ਅਫ਼ਸੋਸ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕੋਈ ਤਵੱਜੋ ਨਹੀਂ ਦਿੱਤੀ।

ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਲਈ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ਰਾਜ ਨੂੰ ਰੰਗਲਾ ਪੰਜਾਬ ਬਣਾਉਣ ਦੀ ਯੋਜਨਾ 'ਤੇ ਸਫ਼ਲਤਾ ਪੂਰਵਕ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਬਾਣੀ ਦੁੱਧ ਉਦਪਾਦਕ ਕੰਪਨੀ, ਜੋ ਕਿ ਐਫ.ਪੀ.ਓਜ਼ ਦਾ ਇੱਕ ਸਫ਼ਲ ਮਾਡਲ ਹੈ, ਦੀ ਤਰ੍ਹਾਂ ਅਜਿਹੀਆਂ ਹੋਰ ਐਫ.ਪੀ.ਓਜ਼ ਦਾ ਗਠਨ ਕਰਕੇ ਪੰਜਾਬ ਦਾ ਭਵਿੱਖ ਉਜਵਲ ਬਣਾਇਆ ਜਾਵੇਗਾ।

ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਗੇ ਕਿਹਾ ਕਿ ਦੁਨੀਆਂ 'ਚ ਉਹ ਵਿਅਕਤੀ ਅਮੀਰ ਹੋ ਸਕਦਾ ਹੈ, ਜਿਸ ਕੋਲ ਖਾਣਾ ਹੋਵੇ ਅਤੇ ਸਾਡੇ ਕਿਸਾਨਾਂ ਦੇ ਹੱਥ ਵਿੱਚ ਤਾਂ ਖਾਣੇ ਦੀ ਕੂੰਜੀ ਹੈ, ਇਸ ਲਈ ਸਾਡੇ ਕਿਸਾਨਾਂ ਨੂੰ ਆਪਣੇ ਉਤਪਾਦਨ ਦੀ ਢੰਗ ਨਾਲ ਮਾਰਕੀਟਿੰਗ ਤੇ ਇਸ ਨੂੰ ਗਾਹਕ ਤੱਕ ਲੈਕੇ ਜਾਣ ਦੀ ਕਲਾ ਸਿੱਖਣ ਦੀ ਲੋੜ ਹੈ।

ਸ. ਸੰਧਵਾਂ ਨੇ ਕਿਹਾ ਕਿ ਇਸ ਕੰਮ ਲਈ ਐਫ.ਪੀ.ਓ. (ਕਿਸਾਨ ਉਤਪਾਦਕ ਸੰਸਥਾ) ਮਾਡਲ, ਕਿਸਾਨਾਂ ਦੀ ਮਦਦ ਕਰ ਸਕਦਾ ਹੈ, ਜਿਸ ਲਈ ਕਿਸਾਨ ਆਪਣੀਆਂ ਐਫ.ਪੀ.ਓਜ ਬਣਾਉਣ, ਜਿਸ ਨਾਲ ਕਿਸਾਨ ਖੁਦਕੁਸ਼ੀਆਂ ਤੋਂ ਵੀ ਬਚਣਗੇ ਅਤੇ ਸਾਡੀ ਅਗਲੀ ਪੀੜ੍ਹੀ, ਸਾਡੇ ਨੌਜਵਾਨਾਂ ਦੇ ਬਾਹਰ ਜਾਣ 'ਤੇ ਵੀ ਰੋਕ ਲੱਗੇਗੀ।