ਸਮਰਾਲਾ : ਵਿਧਾਨ ਸਭਾ ਹਲਕਾ ਸਮਰਾਲਾ ਅੰਦਰ ਪਟਵਾਰੀਆਂ ਦੀ ਘਾਟ ਕਰਕੇ ਠੱਪ ਪਏ ਕੰਮਕਾਰ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕੀਤਾ ਹੈ। ਕਿਸਾਨਾਂ ਨੇ ਇੱਥੋਂ ਦੇ ਵਿਧਾਇਕ ਜਗਤਾਰ ਸਿੰਘ ਦੇ ਪਿੰਡ ਦਿਆਲਪੁਰਾ ਬਾਹਰ ਇਹ ਰੋਸ ਧਰਨਾ ਲਾਇਆ। ਕਿਸਾਨਾਂ ਦਾ ਕਹਿਣਾ ਹੈ ਕਿ ਅਪ੍ਰੈਲ ਮਹੀਨੇ ਤੋਂ ਮਾਲ ਮਹਿਕਮਾ ਵਿਭਾਗ ਦੇ ਸਾਰੇ ਕੰਮ ਬੰਦ ਪਏ ਹਨ। ਜਿਹਨਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਸਮਰਾਲਾ ਤਹਿਸੀਲ ਅੰਦਰ 55 ਪਟਵਾਰੀਆਂ ਦੀਆਂ ਪੋਸਟਾਂ ਹਨ ਪ੍ਰੰਤੂ ਇਥੇ 5 ਪਟਵਾਰੀ ਹੀ ਹਨ। ਇਸੇ ਤਰ੍ਹਾਂ ਮਾਛੀਵਾੜਾ ਸਾਹਿਬ ਦਾ ਬੁਰਾ ਹਾਲ ਹੈ। ਕੰਮਕਾਰ ਠੱਪ ਪਏ ਹਨ। ਕਿਸੇ ਦਾ ਕੋਈ ਕੰਮ ਨਹੀਂ ਹੁੰਦਾ। 2 ਜੁਲਾਈ ਨੂੰ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ ਸੀ। 


 

ਜਿਹਨਾਂ ਨੇ ਏਡੀਸੀ ਨਾਲ ਮੁਲਾਕਾਤ ਵੀ ਕਰਾਈ ਸੀ ਪ੍ਰੰਤੂ ਫਿਰ ਵੀ ਕੋਈ ਹੱਲ ਨਹੀਂ ਨਿਕਲਿਆ। ਰੋਸ ਵਜੋਂ ਉਹਨਾਂ ਨੂੰ ਰੋਡ ਜਾਮ ਕਰਨਾ ਪਿਆ। ਬਲਾਕ ਪ੍ਰਧਾਨ ਮੋਹਨ ਸਿੰਘ ਅਤੇ ਕਿਸਾਨ ਆਗੂ ਮਨਪ੍ਰੀਤ ਸਿੰਘ ਨੇ ਵੀ ਸਰਕਾਰ ਖਿਲਾਫ ਰੋਸ ਜਤਾਇਆ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ 3 ਵਜੇ ਮੀਟਿੰਗ ਰੱਖੀ ਹੈ। ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਰੋਡ ਜਾਮ ਹੀ ਰੱਖਿਆ ਜਾਵੇਗਾ।

 

ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀਆਂ ਪੋਸਟਾਂ ’ਚ ਕੀਤੀ ਕਟੌਤੀ ਨੂੰ ਲੈ ਕੇ 'ਦੀ ਰੈਵਨੀਊ ਪਟਵਾਰ ਯੂਨੀਅਨ' ਵੱਲੋਂ ਵੀ ਪਿਛਲੇ ਮਹੀਨੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪਟਵਾਰ ਯੂਨੀਅਨ ਦੇ ਨੁਮਾਇੰਦੇ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸੱਤਾ ’ਚ ਆਉਣ ਤੋਂ CM ਭਗਵੰਤ ਮਾਨ ਪਟਵਾਰੀਆਂ ਨਾਲ ਧੋਖਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਵਿਭਾਗ ’ਚ ਪਹਿਲਾਂ ਖਾਲੀ ਪਈਆਂ 4716 ਪੋਸਟਾਂ ਨੂੰ ਘਟਾ ਕੇ 3660 ਕਰ ਦਿੱਤਾ ਹੈ ।

 

ਉਨ੍ਹਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ  ਪਟਵਾਰੀਆਂ ਨਾਲ ਵਾਅਦਾ ਕੀਤਾ ਸੀ ਆਪ ਦੀ ਸਰਕਾਰ ਆਉਣ ’ਤੇ ਪਟਵਾਰੀਆਂ ਦੀਆਂ ਪੋਸਟਾਂ ਵਧਾਈਆਂ ਜਾਣਗੀਆਂ ,ਕਿਉਂਕਿ ਮੌਜੂਦਾ ਸਮੇਂ ’ਚ ਇਕ ਪਟਵਾਰੀ ਚਾਰ-ਚਾਰ ਪੰਜ-ਪੰਜ ਸਰਕਲਾਂ ਦਾ ਕੰਮ ਸੰਭਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੈਏ ਫੈਸਲੇ ਨੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੇ ਹਿੱਤਾਂ ਤੇ ਡਾਕਾ ਮਾਰਿਆ ਹੈ ,ਉਥੇ ਪਟਵਾਰੀਆਂ ਨਾਲ ਵੀ ਧੋਖਾ ਕਮਾਇਆ ਹੈ।