ਚੰਡੀਗੜ੍ਹ: ਕਿਸਾਨ ਅੰਦੋਲਨ ਅੱਜ 27ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਇਸ ਅੰਦੋਲਨ ਨੇ ਇੱਕ ਐਸੀ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਹਰ ਕੋਈ ਇਸ ਅੰਦੋਲਨ 'ਚ ਸ਼ਾਮਲ ਹੋਣਾ ਚਾਹੁੰਦਾ ਹੈ। ਅੱਜ ਮੁਹਾਲੀ ਤੋਂ ਇੱਕ ਸਰਕਾਰੀ ਅਧਿਆਪਕ ਨੇ ਇਸ ਅੰਦੋਲਨ 'ਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਛੁੱਟੀ ਮੰਗੀ ਹੈ। ਅਧਿਆਪਕ ਨੇ ਮੁੱਖ ਮੰਤਰੀ ਨੇ Email ਜ਼ਰੀਏ ਅੰਦੋਲਨ 'ਚ ਸ਼ਾਮਲ ਹੋਣ ਲਈ ਛੁੱਟੀ ਦੀ ਅਰਜ਼ੀ ਭੇਜੀ ਹੈ।

ਈਟੀਟੀ ਅਧਿਆਪਕ ਨੇ ਆਪਣੀ ਚਿੱਠੀ 'ਚ ਲਿਖਿਆ ਹੈ ਕਿ ਪਹਿਲਾਂ ਵੀ ਸਿੰਘੂ ਮੋਰਚੇ ਤੇ ਮੌਜੂਦ ਸੀ ਤੇ ਹੁਣ ਸਰਕਾਰ ਨੇ ਪਿਛਲੇ ਹਫ਼ਤੇ ਤੋਂ ਸਕੂਲ ਆਉਣਾ ਲਾਜ਼ਮੀ ਕਰ ਦਿੱਤਾ ਹੈ ਜਿਸ ਵਿੱਚ ਮੰਗਲਵਾਰ ਤੇ ਵੀਰਵਾਰ ਨਿਸ਼ਚਿਤ ਕੀਤੇ ਗਏ ਹਨ। ਉਸ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਸ ਦੀ ਛੁੱਟੀ ਮਨਜ਼ੂਰ ਕਰਕੇ ਉਸ ਨੂੰ ਕਿਸਾਨੀ ਅੰਦੋਲਨ 'ਚ ਯੋਗਦਾਨ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ।