ਪਠਾਨਕੋਟ : ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਬਣਨ ਜਾ ਰਹੇ ਨੈਸ਼ਨਲ ਸੁਰੱਖਿਆ ਗਾਰਡ (NSG) ਕੇਂਦਰ ਦਾ ਪੰਜਾਬ ਵਿੱਚ ਹੁਣ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਕੌਮਾਂਤਰੀ ਸਰਹੱਦ ਕੋਲ ਪਿੰਡ ਸਕੋਲ ਵਿੱਚ 103 ਏਕੜ ਜ਼ਮੀਨ ਵਿੱਚ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਸੁਰੱਖਿਆ ਗਾਰਡ (NSG) ਸੈਂਟਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਲਈ ਪੰਜਾਬ ਸਰਕਾਰ ਨੇ ਜ਼ਮੀਨ ਵੀ ਕੇਂਦਰ ਸਰਕਾਰ ਨੂੰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ। ਕੇਂਦਰ ਸਰਕਾਰ ਦੇ ਇਸ ਫੈਸਲਾ ਦਾ ਆਬਾਦਕਾਰ ਕਿਸਾਨਾਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਲੀਡਰ ਜਦੋਂ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਦੇ ਦਫ਼ਤਰ ਵਿੱਚ ਮੰਗ ਪੱਤਰ ਦੇਣ ਪਹੁੰਚੇ ਤਾਂ ਡੀਸੀ ਦਫ਼ਤਰ ਵਿਚੋਂ ਉੱਠ ਕੇ ਬਾਹਰ ਚਲੇ ਗਏ। ਜਿਸ ਤੋਂ ਬਾਅਦ ਕਿਸਾਨਾਂ ਨੇ ਦਫ਼ਤਰ ਬਾਹਰ ਇਕੱਠਾ ਹੋ ਗਏ ਅਤੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਸਨ। ਪਿੰਡ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਇਸ ਦੀ ਨਿਖੇਧੀ ਕਰਦਿਆਂ 22 ਜੂਨ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ। ਕਿਸਾਨਾ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ 103 ਏਕੜ ਜ਼ਮੀਨ ਸੈਂਟਰ ਬਣਾਉਣ ਨੁੰ ਦੇਣ ਰਹੀ ਹੈ ਉਸ ਨੂੰ ਕਿਸਾਨਾਂ ਨੇ 1962 ਵਿੱਚ ਆਬਾਦ ਕੀਤਾ ਸੀ।
ਪਠਾਨਕੋਟ ਜਿਲ੍ਹਾ ਸਰਹੱਦੀ ਇਲਾਕਾ ਹੈ, ਇਸ ਜਿਲ੍ਹੇ ਨੂੰ ਜੰਮੂ ਦੀ ਹੱਦ ਲੱਗਦੀ ਹੈ ਅਤੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਵੀ ਥੋੜ੍ਹੀ ਦੂਰੀ 'ਤੇ ਹੈ। ਪਾਕਿਸਤਾਨੀ ਅੱਤਵਾਦੀ ਪਠਾਨਕੋਟ ਵਿੱਚ ਵੀ ਕਈ ਅੱਤਵਾਦੀ ਹਮਲੇ ਕਰ ਚੁੱਕੇ ਹਨ। ਪਠਾਨਕੋਟ ਵਿੱਚ ਆਰਮੀ ਦੇ ਏਅਰਬੇਸ 'ਤੇ ਵੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸੇ ਲਈ ਕੇਂਦਰ ਸਰਕਾਰ ਨੇ ਇਸ ਸਰਹੱਦੀ ਇਲਾਕੇ ਵਿੱਚ ਨੈਸ਼ਨਲ ਸਕਿਉਰਟੀ ਗਾਰਡ ਸੈਂਟਰ ਖੋਲ੍ਹਣ ਦਾ ਵਿਚਾਰ ਕੀਤਾ ਹੈ। ਜੇਕਰ ਪਠਾਨਕੋਟ ਵਿੱਚ ਨੈਸ਼ਨਲ ਸਕਿਉਰਟੀ ਗਾਰਡ ਕੇਂਦਰ ਬਣ ਜਾਂਦਾ ਹੈ ਤਾਂ ਇਸ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਜੰਮੂ ਅਤੇ ਕਸ਼ਮੀਰ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਵੀ ਕਵਰ ਹੋ ਜਾਣਗੀਆਂ। ਪਰ ਹੁਣ ਕਿਸਾਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।