Rail Roko Andolan: ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੇ ਹਾਲ ਦੀ ਘੜੀ ਦਿੱਲੀ ਜਾਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਦਿੱਲੀ ਕਦੋਂ ਜਾਣਾ ਹੈ ਇਹ ਫੈਸਲਾ ਕੇਂਦਰ ਅਤੇ ਹਰਿਆਣਾ ਸਰਕਾਰ 'ਤੇ ਛੱਡ ਦਿੱਤਾ ਹੈ। ਪਰ ਹੁਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸੂਬੇ 'ਚ ਰਹਿੰਦਿਆਂ ਹੀ ਆਪਣੇ ਅੰਦੋਲਨ ਨੂੰ ਲੜਨ ਦਾ ਫੈਸਲਾ ਕੀਤਾ ਹੈ।
ਜਿਸ ਦੇ ਤਹਿਤ ਦੇਸ਼ ਭਰ ਵਿੱਚ ਰੇਲਾਂ ਦੇ ਚੱਕੇ ਜਾਮ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਇਸ ਦਾ ਅਸਰ 18 ਜਿਲ੍ਹਿਆਂ 'ਚ ਦੇਖਣ ਨੂੰ ਮਿਲੇਗਾ। ਇਸ ਲਈ ਜੇਕਰ ਕੋਈ ਐਤਵਾਰ 10 ਮਾਰਚ ਨੂੰ ਰੇਲ ਰਾਹੀਂ ਦਿੱਲੀ ਜਾਣ ਦਾ ਫੈਸਲਾ ਕਰ ਰਿਹਾ ਹੈ ਤਾਂ ਉਸ ਨੂੰ ਪਹਿਲਾਂ ਇਹ ਖ਼ਬਰ ਪੜ੍ਹ ਲੈਣੀ ਚਾਹੀਦੀ ਹੈ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ), ਕਿਸਾਨ ਮਜ਼ਦੂਰ ਮੋਰਚਾ, ਬੀਕੇਯੂ ਏਕਤਾ ਉਗਰਾਹਾਂ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ 10 ਮਾਰਚ ਨੂੰ ਦੇਸ਼ ਭਰ ਵਿੱਚ ਰੇਲਾਂ ਰੋਕੀਆਂ ਜਾਣਗੀਆਂ।
ਇਕੱਲੇ ਪੰਜਾਬ ਵਿੱਚ ਹੀ 18 ਜ਼ਿਲ੍ਹਿਆਂ ਵਿੱਚ 30 ਤੋਂ ਵੱਧ ਥਾਵਾਂ ’ਤੇ ਰੇਲ ਮਾਰਗ ਜਾਮ ਕੀਤੇ ਜਾਣਗੇ। ਰੇਲ ਰੋਕੋ ਅੰਦੋਲਨ ਦੁਪਹਿਰ 12:00 ਵਜੇ ਤੋਂ ਸ਼ਾਮ 4:00 ਵਜੇ ਤੱਕ ਚੱਲੇਗਾ। ਕਿਸਾਨ ਆਪਣੇ ਪਰਿਵਾਰਾਂ ਸਮੇਤ ਇਸ ਅੰਦੋਲਨ ਵਿੱਚ ਹਿੱਸਾ ਲੈਣਗੇ।
ਅੰਮ੍ਰਿਤਸਰ 'ਚ ਵੱਧ ਤੋਂ ਵੱਧ 8 ਥਾਵਾਂ 'ਤੇ ਕਿਸਾਨ ਧਰਨੇ 'ਤੇ ਬੈਠਣਗੇ। ਫ਼ਿਰੋਜ਼ਪੁਰ ਵਿੱਚ 5 ਥਾਵਾਂ ਤੋਂ ਇਲਾਵਾ ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ, ਫ਼ਾਜ਼ਿਲਕਾ, ਮੁਕਤਸਰ, ਲੁਧਿਆਣਾ, ਜਲੰਧਰ, ਕਪੂਰਥਲਾ, ਫ਼ਰੀਦਕੋਟ, ਪਠਾਨਕੋਟ, ਬਠਿੰਡਾ ਵਿੱਚ ਕਿਸਾਨ ਪਟੜੀਆਂ 'ਤੇ ਬੈਠਣਗੇ।
ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 13 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਸੀ। 12 ਫਰਵਰੀ ਨੂੰ ਸਾਰੇ ਕਿਸਾਨ ਖਨੌਰੀ ਅਤੇ ਸ਼ੰਭੁ ਦੀਆਂ ਸਰਹੱਦਾਂ ਨੇੜੇ ਪਹੁੰਚ ਗਏ ਸਨ। ਕਿਸਾਨਾਂ ਦੀ ਆਮਦ ਨੂੰ ਦੇਖਦੇ ਹਰਿਆਣਾ ਸਰਕਾਰ ਨੇ ਦੋਵੇ ਸਰਹੱਦਾਂ ਭਾਰੀ ਬੈਰੀਕੇਡਿੰਗ ਕਰਕੇ ਸੀਲ ਕਰ ਦਿੱਤੀਆਂ।
13 ਫਰਵਰੀ ਨੂੰ ਜਿਵੇਂ ਹੀ ਕਿਸਾਨ ਸ਼ੰਭੂ ਅਤੇ ਖਨੌਰੀ ਤੋਂ ਅੱਗੇ ਵੱਧਣ ਲੱਗੇ ਤਾਂ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ ਗਈਆਂ। ਫਿਰ ਕਿਸਾਨਾਂ ਨੇ ਇੱਕ ਹਫ਼ਤੇ ਲਈ ਦਿੱਲੀ ਕੂਚ ਟਾਲ ਦਿੱਤਾ ਸੀ। ਇਸ ਤੋਂ ਬਾਅਦ ਫਿਰ 21 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਪਰ ਕਿਸਾਨ ਉਦੋਂ ਵੀ ਅੱਗੇ ਨਹੀਂ ਵੱਧ ਸਕੇ।
ਹੁਣ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਹਰਿਆਣਾ ਸਰਕਾਰ ਆਪ ਰਸਤੇ ਨਹੀਂ ਖੋਲ੍ਹ ਦਿੰਦੀ ਅਸੀਂ ਉਦੋਂ ਹੀ ਅੱਗੇ ਵਧਾਂਗੇ। ਨਹੀਂ ਤਾਂ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਹੀ ਬੈਠੇ ਰਹਾਂਗੇ।