- Home
-
ਖ਼ਬਰਾਂ
-
ਪੰਜਾਬ
Farmers Protest LIVE Updates: ਸਰਕਾਰ ਦੀ ਸਖਤੀ ਮਗਰੋਂ ਕਿਸਾਨ ਅੰਦੋਲਨ ਨੇ ਮੁੜ ਫੜਿਆ ਜ਼ੋਰ
Farmers Protest LIVE Updates: ਸਰਕਾਰ ਦੀ ਸਖਤੀ ਮਗਰੋਂ ਕਿਸਾਨ ਅੰਦੋਲਨ ਨੇ ਮੁੜ ਫੜਿਆ ਜ਼ੋਰ
ਨਰੇਸ਼ ਟਿਕੈਤ ਨੇ ਐਲਾਨ ਕੀਤਾ ਕਿ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਮੁਜ਼ੱਫਰਨਗਰ ਸ਼ਹਿਰ ਦੇ ਸਰਕਾਰੀ ਇੰਟਰ ਕਾਲਜ ਵਿਖੇ ਇੱਕ ਮਹਾਂ ਪੰਚਾਇਤ ਬੁਲਾਈ ਜਾਵੇਗੀ। ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣਗੇ। ਇਸ ਪੰਚਾਇਤ ਵਿਚ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਲਿਆ ਜਾ ਸਕਦਾ ਹੈ।
ਏਬੀਪੀ ਸਾਂਝਾ
Last Updated:
29 Jan 2021 04:54 PM
ਦਿੱਲੀ ਦੇ ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਤੋਂ ਬਾਅਦ ਹਾਲਾਤ ਬੇਹੱਦ ਤਣਾਅਪੂਰਨ ਹਨ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਹੁਣ ਟਿੱਕਰੀ ਬਾਰਡਰ 'ਤੇ ਵੀ ਕੁਝ ਲੋਕ ਤਿਰੰਗਾ ਯਾਤਰਾ ਦੇ ਨਾਂ 'ਤੇ ਪਹੁੰਚੇ ਹਨ ਤੇ ਨਾਅਰੇਬਾਜ਼ੀ ਕਰ ਰਹੇ ਹਨ।
ਦੱਸ ਦਈਏ ਕਿ ਦਿੱਲੀ-ਹਰਿਆਣਾ ਦੇ ਵਿੱਚ ਸਥਿਤ ਸਿੰਘੂ ਬਾਰਡਰ ਤੇ ਪਿਛਲੇ ਦੋ ਮਹੀਨੇ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਸਿੰਘੂ ਬਾਰਡਰ ਕਿਸਾਨ ਅੰਦੋਲਨ ਦਾ ਮੁੱਖ ਕੇਂਦਰ ਹੈ। ਜਾਣਕਾਰੀ ਅਨੁਸਾਰ ਇੱਕ ਵੱਡੀ ਭੀੜ ਤਿਰੰਗਾ ਯਾਤਰਾ ਦੇ ਨਾਮ ਤੇ ਧਰਨੇ ਵਾਲੀ ਥਾਂ ਪਹੁੰਚੀ ਤੇ ਕਿਸਾਨਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਮਗਰੋਂ ਪੱਥਰਬਾਜ਼ੀ ਸ਼ੁਰੂ ਹੋ ਗਈ। ਪੱਥਰਬਾਜ਼ਾ ਨੇ ਕਿਸਾਨਾਂ ਦੇ ਟੈਂਟ ਵੀ ਉਖਾੜੇ ਹਨ।
ਸਿੰਘੂ ਬਾਰਡਰ 'ਤੇ ਅੱਜ ਹਾਲਾਤ ਤਣਾਅਪੂਰਨ ਹੋ ਗਏ। ਕੁਝ ਸ਼ਰਾਰਤੀ ਲੋਕਾਂ ਨੇ ਕਿਸਾਨਾਂ ਉੱਪਰ ਪਥਰਾਅ ਕੀਤਾ। ਦੂਜੇ ਪਾਸੇ ਕੁਝ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਝੜਪ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਇਹ ਸਭ ਸੁਰੱਖਿਆ ਬਲਾਂ ਦੇ ਸਾਹਮਣੇ ਹੁੰਦਾ ਰਿਹਾ। ਇਸ ਵੇਲੇ ਸੁਰੱਖਿਆ ਬਲਾਂ ਨੇ ਉਲਟਾ ਕਿਸਾਨਾਂ ਉੱਪਰ ਹੀ ਲਾਠੀਚਾਰਜ ਕੀਤਾ।
ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹਾ 'ਤੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਠੰਢੇ ਪੈ ਰਹੇ ਕਿਸਾਨ ਅੰਦੋਲਨ ਨੇ ਇੱਕ ਵਾਰ ਫਿਰ ਤਾਕਤ ਫੜ ਲਈ ਹੈ। ਬਹੁਤ ਸਾਰੇ ਕਿਸਾਨ ਤਣਾਅ ਗ੍ਰਸਤ ਗਾਜ਼ੀਪੁਰ ਬਾਰਡਰ ਤੇ ਸਿੰਘੂ ਬਾਰਡਰ ਵਿਖੇ ਇਕੱਠੇ ਹੋਣਾ ਸ਼ੁਰੂ ਹੋ ਗਏ ਹਨ। ਕਿਸਾਨਾਂ ਨੂੰ ਸਮਰਥਨ ਦੇਣ ਦੇ ਮਕਸਦ ਨਾਲ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਸਦੀਆ ਗਾਜ਼ੀਪੁਰ ਬਾਰਡਰ ਤੇ ਸਤਿੰਦਰ ਜੈਨ ਸਿੰਘੂ ਬਾਰਡਰ ਪਹੁੰਚ ਗਏ ਹਨ।
ਪਿੰਡ ਵਾਸੀਆਂ ਨੇ ਮਤੇ ਪਵਾਏ ਹਨ ਕਿ ਪਿੰਡ ਦੇ ਹਰ ਘਰ ਵਿੱਚੋਂ ਇੱਕ-ਇੱਕ ਬੰਦੇ ਦਾ ਧਰਨੇ 'ਚ ਜਾਣਾ ਲਾਜ਼ਮੀ ਹੈ। ਜੇ ਕੋਈ ਘਰ ਧਰਨੇ 'ਚ ਸ਼ਾਮਲ ਨਹੀਂ ਹੁੰਦਾ ਤਾਂ ਉਸ ਨੂੰ 1500 ਰੁਪਏ ਜੁਰਮਾਨਾ ਲਾਇਆ ਜਾਏਗਾ। ਪਿੰਡ ਵਾਸੀਆਂ ਨੇ ਕਿਹਾ ਕਿ ਇੱਕ ਜੱਥਾ 7 ਤੋਂ 10 ਦਿਨ ਧਰਨੇ 'ਚ ਰਹੇਗਾ ਤੇ ਉਨ੍ਹਾਂ ਦੇ ਵਾਪਸ ਆਉਣ ਮਗਰੋਂ ਦੂਜਾ ਜਥਾ ਰਵਾਨਾ ਹੋਏਗਾ। ਧਰਨੇ 'ਚ ਜਾਣ ਵੇਲੇ ਟਰੈਕਟਰ ਤੇ ਤਿਰੰਗਾ ਤੇ ਕਿਸਾਨ ਜਥੇਬੰਦੀ ਦਾ ਹੀ ਝੰਡਾ ਲਾਉਣਾ ਹੋਏਗਾ।
ਦਿੱਲੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਏ ਹੰਗਾਮੇ ਨੇ ਕਿਸਾਨਾਂ ਦੇ ਅੰਦੋਲਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਦਿੱਲੀ ਹਿੰਸਾ ਮਗਰੋਂ ਹੁਣ ਕਿਸਾਨਾਂ ਨੇ ਵੀ ਧਰਨੇ 'ਚ ਸ਼ਾਮਲ ਹੋਣ ਵਾਲਿਆਂ 'ਤੇ ਥੋੜ੍ਹੀ ਸਖ਼ਤੀ ਵਧਾ ਦਿੱਤੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਤੇ ਕਿਸਾਨੀ ਅੰਦੋਲਨ ਨੂੰ ਢਾਹ ਨਾ ਲੱਗੇ।
ਸਾਬਕਾ ਕੇਂਦਰੀ ਮੰਤਰੀ ਤੇ ਸਾਂਸਦ ਸ਼ਸ਼ੀ ਥਰੂਰ ਤੇ ਛੇ ਹੋਰ ਪੱਤਰਕਾਰਾਂ ‘ਤੇ ਯੂਪੀ ‘ਚ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ‘ਤੇ ਗਣਤੰਤਰ ਦਿਹਾੜੇ ‘ਤੇ ਹੋਈ ਹਿੰਸਾ ਨਾਲ ਜੁੜੀ ਗਲਤ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਦਾ ਇਲਜ਼ਾਮ ਹੈ। ਇਸ ਦੇ ਨਾਲ ਹੀ ਇਨ੍ਹਾਂ ‘ਤੇ ਸਮਾਜਿਕ ਅਸ਼ਾਤੀ ਫੈਲਾਉਣ ਦਾ ਇਲਜ਼ਾਮ ਹੈ। ਇਸ ਕਰਕੇ ਇਨ੍ਹਾਂ ‘ਤੇ ਵੱਖ-ਵੱਖ ਆਈਪੀਸੀ ਦੀਆਂ ਧਾਰਾਵਾਂ ਤਹਿਤ ਦੋਸ਼ ਲਾਏ ਗਏ ਹਨ।
ਹਜ਼ਾਰਾਂ ਦੀ ਗਿਣਤੀ ਵਿੱਚ ਹਰਿਆਣਾ ਦੇ ਹਿਸਾਰ, ਭਿਵਾਨੀ, ਕੈਥਲ, ਜੀਂਦ, ਸੋਨੀਪਤ ਤੇ ਪਾਨੀਪਤ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਆਪਣੇ ਘਰਾਂ ਤੋਂ ਰਵਾਨਗੀਆਂ ਪਾ ਦਿੱਤੀਆਂ ਹਨ। ਹੁਣ ਉਨ੍ਹਾਂ ਵਿੱਚ ਦਿੱਲੀ ਦੇ ਬਾਰਡਰਾਂ ਉੱਤੇ ਲੱਗੇ ਕਿਸਾਨਾਂ ਦੇ ਧਰਨਿਆਂ ਵਿੱਚ ਸ਼ਾਮਲ ਹੋਣ ਦਾ ਇੱਕ ਨਵਾਂ ਜੋਸ਼ ਵੇਖਿਆ ਜਾ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਦੀ ਜਜ਼ਬਾਤੀ ਅਪੀਲ ਤੋਂ ਬਾਅਦ ਕਿਸਾਨ ਅੰਦੋਲਨ ਇੱਕ ਵਾਰ ਮੁੜ ਭਖ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਇੱਕ ਵਾਰ ਫਿਰ ਦਿੱਲੀ ਦੇ ਸਿੰਘੂ, ਗ਼ਾਜ਼ੀਪੁਰ ਤੇ ਟਿਕਰੀ ਬਾਰਡਰਾਂ ਵੱਲ ਚਾਲੇ ਪਾ ਦਿੱਤੇ ਹਨ।
ਸਿਸੋਦੀਆ ਨੇ ਆਪਣੇ ਟਵੀਟ ’ਚ ਲਿਖਿਆ,‘ਭਾਜਪਾਈਓ, ਤੁਸੀਂ ਅੰਦੋਲਨ ਕਰ ਰਹੇ ਕਿਸਾਨਾਂ ਦਾ ਇੰਟਰਨੈੱਟ ਬੰਦ ਕਰ ਦਿੰਦੇ ਹੋ, ਬਿਜਲੀ-ਪਾਣੀ ਬੰਦ ਕਰ ਦਿੰਦੇ ਹੋ, ਆਉਣ ਦਾ ਰਾਹ ਬੰਦ ਕਰ ਦਿੰਦੇ ਹੋ। ਕਿਸਾਨਾਂ ਨੇ ਜੇ ਕਿਸਾਨੀ ਬੰਦ ਕਰ ਦਿੱਤੀ ਜੇ ਇੱਕ ਮੌਸਮ ਲਈ ਵੀ, ਤਾਂ ਤੁਹਾਡੇ ਸਾਹ ਰੁਕ ਜਾਣਗੇ। ਸਮਝਾਓ ਆਪਣੇ ਆਗੂਆਂ ਨੂੰ, ਹੰਕਾਰ ਨਾਲ ਢਿੱਡ ਨਹੀਂ ਭਰਦਾ।’
ਕਿਸਾਨਾਂ ਉੱਪਰ ਸਖਤੀ ਮਗਰੋਂ ਆਮ ਆਦਮੀ ਪਾਰਟੀ ਦੇ ਲੀਡਰ ਮਨੀਸ਼ ਸ਼ਿਸ਼ੋਦੀਆ ਨੇ ਬੀਜੇਪੀ ਨੂੰ ਚੇਤਾਵਨੀ ਦਿੱਤੀ ਹੈ।
ਸਮਾਜਵਾਦੀ ਪਾਰਟੀ ਨੇ ਕਿਸਾਨਾਂ ਨਾਲ ਡਟ ਕੇ ਖੜ੍ਹਨ ਦਾ ਐਲਾਨ ਕੀਤਾ ਹੈ।
ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਭੈ ਚੌਟਾਲਾ ਨੇ ਵੀ ਟਿਕੈਤ ਦਾ ਸਮਰਥਨ ਕੀਤਾ ਹੈ। ਅਭੈ ਚੌਟਾਲਾ ਨੇ ਕਿਸਾਨਾਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਿਕੈਤ ਦੇ ਸਮਰਥਨ ਵਿੱਚ ਗਾਜ਼ੀਪੁਰ ਪਹੁੰਚਣ। ਦੱਸ ਦਈਏ ਕਿ ਅਭੈ ਚੌਟਾਲਾ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ।
ਕਿਸਾਨਾਂ ਲਈ ਵੱਡੀ ਖ਼ਬਰ ਇਹ ਹੈ ਕਿ ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਦੀ ਗਿਣਤੀ ਵਧਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ।
ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਗਿਆ ਕਿ ਉਹ ਸਵੇਰ ਤੋਂ ਹੀ ਡਿਊਟੀ 'ਤੇ ਸੀ, ਹੁਣ ਉਨ੍ਹਾਂ ਨੂੰ ਵਾਪਸੀ ਦਾ ਆਦੇਸ਼ ਦਿੱਤਾ ਗਿਆ ਹੈ। ਗਣਤੰਤਰ ਦਿਵਸ 'ਤੇ ਹੋਈ ਹਿੰਸਾ ਤੋਂ ਬਾਅਦ ਗਾਜ਼ੀਪੁਰ ਸਰਹੱਦ (Ghazipur border) 'ਤੇ ਮੌਜੂਦ ਕਿਸਾਨਾਂ ਵਿਚ ਤਣਾਅ ਦੀ ਸਥਿਤੀ ਸੀ। ਸਰਹੱਦ ਕਰਕੇ ਦਿੱਲੀ ਪੁਲਿਸ ਅਤੇ ਗਾਜ਼ੀਆਬਾਦ ਪੁਲਿਸ ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਣ ਲਈ ਭਾਰੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਸੀ।
ਪਿਛੋਕੜ
Farmers Protest LIVE Updates:ਗਾਜ਼ੀਪੁਰ ਸਰਹੱਦ 'ਤੇ ਖੜ੍ਹੇ ਅੰਦੋਲਨਕਾਰੀਆਂ ਖਿਲਾਫ ਪੁਲਿਸ ਨੇ ਸਖ਼ਤ ਰਵੱਈਆ ਦਿਖਾਇਆ ਹੈ। ਵੀਰਵਾਰ ਨੂੰ ਇੱਥੇ ਹਾਈਵੋਲਟੇਜ ਡਰਾਮਾ ਹੋਇਆ। ਸ਼ਾਮ ਨੂੰ ਇੱਕ ਵਾਰ ਲੱਗਿਆ ਕਿ ਅੱਜ ਪੁਲਿਸ ਅੰਦੋਲਨਕਾਰੀ ਕਿਸਾਨਾਂ ਨੂੰ ਇੱਥੋਂ ਉੱਠਾ ਦਵੇਗੀ। ਸਖ਼ਤੀ ਦੇ ਵਿਚਕਾਰ ਕਿਸਾਨ ਆਗੂ ਰਾਕੇਸ਼ ਟਿਕੈਤ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਵੁਕ ਹੋ ਗਏ। ਪੁਲਿਸ ਪ੍ਰਸ਼ਾਸਨ 'ਤੇ ਗ਼ਲਤ ਕੰਮ ਕਰਨ ਦਾ ਦੋਸ਼ ਲਾਉਂਦਿਆਂ ਟਿਕੈਤ ਰੋ ਪਏ। ਇਸ ਤੋਂ ਬਾਅਦ ਟਿਕੈਤ ਅੜ ਗਏ। ਉਨ੍ਹਾਂ ਸਾਫ ਤੌਰ 'ਤੇ ਕਿਹਾ ਕਿ ਉਹ ਪਿੱਛੇ ਨਹੀਂ ਹਟਣਗੇ। ਟਿਕੈਤ ਦੇ ਅੱਥਰੂਆਂ ਦਾ ਅਸਰ ਮੁਜ਼ੱਫਰਨਗਰ ਵਿੱਚ ਦੇਖਣ ਨੂੰ ਮਿਲਿਆ।
ਵੱਡੀ ਗਿਣਤੀ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਸਮਰਥਕ ਪਿੰਡ ਸਿਸੌਲੀ ਵਿੱਚ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਦੇ ਸਮਰਥਨ 'ਚ ਇੱਥੇ ਨਾਅਰੇਬਾਜ਼ੀ ਕੀਤੀ ਗਈ। ਟਿਕੈਤ ਦੇ ਭਾਵੁਕ ਹੋਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਗੁੱਸੇ ਵਿੱਚ ਆ ਗਏ। ਇੱਥੇ ਕਿਸਾਨ ਆਗੂ ਨਰੇਸ਼ ਟਿਕੈਤ ਨੇ ਪੰਚਾਇਤ ਨੂੰ ਸੰਬੋਧਨ ਕੀਤਾ। ਪੰਚਾਇਤ ਤੋਂ ਬਾਅਦ ਨਰੇਸ਼ ਟਿਕੈਤ ਨੇ ਐਲਾਨ ਕੀਤਾ ਕਿ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਮੁਜ਼ੱਫਰਨਗਰ ਸ਼ਹਿਰ ਦੇ ਸਰਕਾਰੀ ਇੰਟਰ ਕਾਲਜ ਵਿਖੇ ਇੱਕ ਮਹਾਂ ਪੰਚਾਇਤ ਬੁਲਾਈ ਜਾਵੇਗੀ। ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣਗੇ। ਇਸ ਪੰਚਾਇਤ ਵਿਚ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਲਿਆ ਜਾ ਸਕਦਾ ਹੈ।