Farmers Protest LIVE Updates: ਕਿਸਾਨ ਅੰਦੋਲਨ ਦਾ ਅੱਜ 82ਵਾਂ ਦਿਨ, ਹੁਣ ਜਨ ਅੰਦੋਲਨ ਬਣਾਉਣ ਦੀ ਤਿਆਰੀ
ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 82ਵਾਂ ਦਿਨ ਹੈ। ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰਨ ਜਾ ਰਹੇ ਹਨ। ਕਿਸਾਨ ਮਹਾਪੰਚਾਇਤਾਂ ਰਾਹੀਂ ਅੰਦੋਲਨ ਨੂੰ ਹੋਰ ਵਿਸ਼ਾਲ ਕਰਨ ਜਾ ਰਹੇ ਹਨ।
ਕਿਸਾਨੀ ਅੰਦਲਨ ਨੇ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਹਨ। ਇਸ ਅੰਦੋਲਨ ਨੇ ਦਿਨ ਤਿਉਹਾਰ ਹਰ ਇੱਕ ਚੀਜ਼ ਦਾ ਰੁਝਾਨ ਬਦਲ ਦਿੱਤਾ ਹੈ। ਵਿਆਹਾਂ ਸ਼ਾਦੀਆਂ ਵਿੱਚ ਵੀ ਲੋਕ ਕਿਸਾਨ ਯੂਨੀਅਨਾਂ ਦੇ ਝੰਡੇ ਲੈ ਜਾਂਦੇ ਵਿਖ ਰਹੇ ਹਨ। ਬੱਸ-ਗੱਡੀਆਂ ਤੇ ਟਰੈਕਟਰਾਂ ਆਦਿ ਤੇ ਹਰ ਥਾਂ ਕਿਸਾਨ ਅੰਦਲਨ ਸਬੰਧੀ ਝੰਡੇ ਤੇ ਨਾਅਰੇ ਲਿਖੇ ਹੋਏ ਮਿਲਦੇ ਹਨ। ਇਸ ਤਰ੍ਹਾਂ ਬਸੰਤ ਪੰਚਮੀ ਵੀ ਕਿਸਾਨੀ ਅੰਦੋਲਨ ਦੇ ਅਸਰ ਤੋਂ ਵਾਂਝੀ ਨਹੀਂ ਰਹੀ। ਅੰਮ੍ਰਿਤਸਰ ਦੇ ਇੱਕ ਪਤੰਗਬਾਜ਼ ਨੇ ਕਿਸਾਨੀ ਨਾਲ ਜੁੜੇ ਕੁਝ ਪਤੰਗ ਤਿਆਰ ਕੀਤੇ ਹਨ।
ਅਦਾਕਾਰਾ ਤੇ ਸਟੇਜ ਪ੍ਰਫੌਰਮਰ ਸਪਨਾ ਚੌਧਰੀ ਵੀ ਕਿਸਾਨਾਂ ਦਾ ਸਮਰਥਨ ਕਰੇਗੀ। ਇਸ ਬਾਰੇ ਸਪਨਾ ਚੌਧਰੀ ਦੇ ਪਤੀ ਵੀਰ ਸਾਹੁ ਨੇ ਬਿਆਨ ਦਿੱਤਾ ਹੈ। ਦਿੱਲੀ ਬਾਰਡਰ ਵਿਖੇ ਕਿਸਾਨ ਅੰਦੋਲਨ 'ਚ ਪਹੁੰਚ ਵੀਰ ਸਾਹੁ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਇੱਥੇ ਉਨ੍ਹਾਂ ਕਿਹਾ ਕਿ ਜ਼ਰੂਰਤ ਪਈ ਤਾਂ ਦੋਵੇਂ ਇੱਥੇ ਆ ਕੇ ਕਿਸਾਨਾਂ ਦੀ ਸੇਵਾ ਕਰਨਗੇ।
ਪ੍ਰਿਅੰਕਾ ਗਾਂਧੀ ਨੇ ਸੁਆਲ ਕੀਤਾ ਕਿ ਕੀ ਮੋਦੀ ਸਰਕਾਰ ਜ਼ਬਰਦਸਤੀ ਕਿਸਾਨਾਂ ਦੀ ਭਲਾਈ ਕਰੇਗੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਬਣਾਉਂਦੇ ਹੋ। ਤੁਹਾਡੇ ਤੇ ਸਾਡੇ ਵਿਚਾਲੇ ਭਰੋਸੇ ਦਾ ਰਿਸ਼ਤਾ ਹੈ ਤੇ ਉਸੇ ਰਿਸ਼ਤੇ ਦੇ ਦਮ ’ਤੇ ਤੁਸੀਂ ਇੱਕ ਨੇਤਾ ਨੂੰ ਅੱਗੇ ਵਧਾਉਂਦੇ ਹੋ। ਉਨ੍ਹਾਂ ਕਿਹਾ ਕਿ ਤੁਹਾਨੂੰ ਇਸ ਗੱਲ ਦੀ ਆਸ ਹੁੰਦੀ ਹੈ ਕਿ ਉਹ ਨੇਤਾ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਮਦਦ ਕਰੇਗਾ।
ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਅੱਜ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਬਿਜਨੌਰ ’ਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਜਪਾ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਪੁੱਛਿਆ ਕਿ ਮੋਦੀ ਸਰਕਾਰ ਵਿੱਚ ਕੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ? ਉਨ੍ਹਾਂ ਕਿਹਾ ਕਿ ਮੰਨਿਆ ਤੁਸੀਂ ਭਲਾਈ ਲਈ ਕਾਨੂੰਨ ਬਣਾਏ ਹਨ ਪਰ ਜਦੋਂ ਉਹ ਨਹੀਂ ਚਾਹੁੰਦੇ, ਤਾਂ ਕਾਨੂੰਨ ਵਾਪਸ ਲੈ ਲਵੋ।
ਜੇਲ੍ਹ ਸੁਪਰਡੈਂਟ ਕਰਨਾਲ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਨੌਦੀਪ ਕੌਰ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਕਰਨਾਲ ਜੇਲ੍ਹ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਫੋਨ ਕਰਕੇ ਕਿਹਾ ਕਿ ਮਨੀਸ਼ਾ ਗੁਲਾਟੀ ਨੂੰ ਨੌਦੀਪ ਕੌਰ ਨਾਲ ਮੁਲਾਕਾਤ ਕਰਨ ਲਈ ਪਹਿਲਾਂ ਹਰਿਆਣਾ ਸਰਕਾਰ ਤੋਂ ਪ੍ਰਵਾਨਗੀ ਲੈਣ ਹੋਵੇਗੀ।
ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਹੈ। 82ਵੇਂ ਦਿਨ 'ਚ ਸ਼ਾਮਲ ਹੋ ਚੁੱਕਾ ਕਿਸਾਨਾਂ ਦਾ ਇਹ ਅੰਦੋਲਨ ਹਰ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਦਰਮਿਆਨ ਖ਼ਬਰ ਆ ਰਹੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਡਟਣ ਵਾਲੇ ਕਿਸਾਨਾਂ ਦੀ ਕਾਨੂੰਨੀ ਲੜਾਈ 11 ਵਕੀਲਾਂ ਦੀ ਟੀਮ ਲੜੇਗੀ।
ਕਿਸਾਨ ਅੰਦੋਲਨ ਦੀ ਹਮਾਇਤ ਲਈ ਜਾਰੀ ਟੂਲਕਿੱਟ ਮਾਮਲੇ ’ਚ ਬੈਂਗਲੁਰੂ ਤੋਂ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ’ਚ ਦੋ ਹੋਰ ਮੁਲਜ਼ਮਾਂ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰਵਾਏ ਹਨ। ਨਿਕੀਤਾ ਜੈਕਬ ਤੇ ਸ਼ਾਂਤਨੂੰ ਨਾਂ ਦੇ ਦੋ ਮੁਲਜ਼ਮਾਂ ਵਿਰੁੱਧ ਦਿੱਲੀ ਪੁਲਿਸ ਨੇ ਇਹ ਵਾਰੰਟ ਜਾਰੀ ਕਰਵਾਏ ਹਨ। ਪੁਲਿਸ ਸੂਤਰਾਂ ਮੁਤਾਬਕ ਨਿਕੀਤਾ ਜੈਕਬ ਮੁੰਬਈ ਦੇ ਵਕੀਲ ਹਨ।
ਪ੍ਰਿਅੰਕਾ ਗਾਂਧੀ ਨੇ ਅੱਜ ਟਵੀਟ ਕੀਤਾ ਹੈ ਡਰਤੇ ਹੈਂ ਬੰਦੂਕੋਂ ਵਾਲੇ ਏਕ ਨਿਹੱਥੀ ਲੜਕੀ ਸੇ, ਫੈਲੇ ਹੈਂ ਹਿੰਮਤ ਕੇ ਉਜਾਲੇ ਏਕ ਨਿਹੱਥੀ ਲੜਕੀ ਸੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ, 21 ਸਾਲਾ ਲੜਕੀ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ ਉੱਤੇ ਵੱਡਾ ਹਮਲਾ ਹੈ। ਸਾਡੇ ਕਿਸਾਨਾਂ ਦੀ ਹਮਾਇਤ ਕਰਨਾ ਕੋਈ ਅਪਰਾਧ ਨਹੀਂ ਹੈ।
ਕਿਸਾਨ ਆਗੂ ਡਾ. ਦਰਸ਼ਨਪਾਲ ਦਾ ਕਹਿਣਾ ਹੈ ਕਿ ਦਿਸ਼ਾ ਨੂੰ ਤੁਰੰਤ ਬਿਨਾ ਸ਼ਰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਸ਼ਸ਼ੀ ਥਰੂਰ, ਪ੍ਰਿਅੰਕਾ ਗਾਂਧੀ ਵਾਡਰਾ ਤੇ ਅਰਵਿੰਦ ਕੇਜਰੀਵਾਲ ਨੇ ਦਿਸ਼ਾ ਦੀ ਗ੍ਰਿਫ਼ਤਾਰੀ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਸੋਸ਼ਲ ਮੀਡੀਆ ’ਤੇ ਸੁਆਲ ਕੀਤਾ ਹੈ ਕਿ ਸਰਕਾਰ ਕਾਰਕੁਨਾਂ ਨੂੰ ਨਿਸ਼ਾਨਾ ਕਿਉਂ ਬਣਾ ਰਹੀ ਹੈ?
ਪਿਛੋਕੜ
- - - - - - - - - Advertisement - - - - - - - - -