- Home
-
ਖ਼ਬਰਾਂ
-
ਪੰਜਾਬ
Farmers Protest LIVE Updates: ਦਿੱਲੀ ਹਿੰਸਾ ਮਗਰੋਂ ਉੱਤਰ ਪ੍ਰਦੇਸ਼ ਤੇ ਹਰਿਆਣਾ ਪੁਲਿਸ ਦੀ ਸਖਤੀ, ਧਰਨੇ ਚੁਕਾਉਣੇ ਸ਼ੁਰੂ
Farmers Protest LIVE Updates: ਦਿੱਲੀ ਹਿੰਸਾ ਮਗਰੋਂ ਉੱਤਰ ਪ੍ਰਦੇਸ਼ ਤੇ ਹਰਿਆਣਾ ਪੁਲਿਸ ਦੀ ਸਖਤੀ, ਧਰਨੇ ਚੁਕਾਉਣੇ ਸ਼ੁਰੂ
Farmers Protest LIVE Updates: ਗਣਤੰਤਰ ਦਿਵਸ 'ਚ ਹੋਈ ਹਿੰਸਾ ਮਗਰੋਂ ਅੰਦੋਲਨ ਤੇ ਫਰਕ ਪੈਣਾ ਸੁਭਾਵਿਕ ਹੈ। ਅਜਿਹੇ 'ਚ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਅੰਦੋਲਨ ਇਸੇ ਤਰ੍ਹਾਂ ਆਪਸੀ ਮਤਭੇਦਾਂ ਨਾਲ ਹੀ ਕਮਜ਼ੋਰ ਹੁੰਦਾ ਹੁੰਦਾ ਖਤਮ ਹੋ ਜਾਵੇ। ਕਿਉਂਕਿ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਤੇ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਪਿੱਛੇ ਹਟਣ ਲਈ ਤਿਆਰ ਨਹੀਂ। ਅਜਿਹੇ 'ਚ ਕਿਸਾਨ ਜਥੇਬੰਦੀਆਂ 'ਚ ਪਈ ਫੁੱਟ ਸਰਕਾਰ ਨੂੰ ਖੂਬ ਰਾਸ ਆ ਸਕਦੀ ਹੈ।
ਏਬੀਪੀ ਸਾਂਝਾ
Last Updated:
28 Jan 2021 04:48 PM
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕਿਸਾਨਾਂ ਦੇ ਟ੍ਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਦੀ ਜਾਂਚ ਪੁਲਿਸ ਇਸ ਵੇਲੇ ਕਰ ਰਹੀ ਹੈ। ਦਿੱਲੀ ਪੁਲਿਸ ਦੇ ਕਮਿਸ਼ਨਰ ਐਸਐਨ ਸ਼੍ਰੀਵਾਸਤਵ ਨੇ ਪੁਲਿਸ ਕਰਮਚਾਰੀਆਂ ਨੂੰ ਇੱਕ ਤਾਜ਼ਾ ਚਿੱਠੀ ਲਿਖੀ ਹੈ ਕਿ ਆਉਣ ਵਾਲੇ ਕੁਝ ਦਿਨ ਸਾਡੇ ਲਈ ਕਾਫ਼ੀ ਚੁਣੌਤੀ ਭਰੇ ਹੋ ਸਕਦੇ ਹਨ; ਇਸ ਲਈ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਕਿਸਾਨ ਲੀਡਰਾਂ ਨੇ ਦੱਸਿਆ ਕਿ ਪਹਿਲਾਂ ਵਾਂਗ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿਹੜੇ ਟਰੈਕਟਰ ਵਾਪਸ ਜਾ ਰਹੇ ਹਨ, ਉਹ 26 ਜਨਵਰੀ ਨੂੰ ਸਿਰਫ ਪਰੇਡ 'ਚ ਹਿੱਸਾ ਲੈਣ ਲਈ ਆਏ ਸੀ, ਪਰ ਇਸ ਤੋਂ ਬਾਅਦ ਹੁਣ ਲੋਕ ਦੁਬਾਰਾ ਪਰਤ ਰਹੇ ਹਨ। ਇਹ ਲੰਗਰ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਇਥੇ ਕਿਸਾਨ ਮੋਰਚਾ ਲਗਿਆ ਹੋਇਆ ਹੈ।
ਦਿੱਲੀ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ 26 ਜਨਵਰੀ ਨੂੰ ਟਰੈਕਟਰ ਰੈਲੀ ਸਬੰਧੀ ਪੁਲਿਸ ਨਾਲ ਸਮਝੌਤੇ ਨੂੰ ਤੋੜਨ ਲਈ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਪੁਲਿਸ ਨੇ ਟਿਕੈਤ ਨੂੰ ਤਿੰਨ ਦਿਨਾਂ 'ਚ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਗਾਜ਼ੀਪੁਰ ਬਾਰਡਰ 'ਤੇ ਟਿਕੈਤ ਦੇ ਟੈਂਟ 'ਤੇ ਇਸ ਨੋਟਿਸ ਨੂੰ ਚਿਪਕਾ ਵੀ ਦਿੱਤਾ ਹੈ।
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (AIKSCC) ਦੇ ਰਾਸ਼ਟਰੀ ਕਾਰਜਕਾਰੀ ਸਮੂਹ ਨੇ ਵੀਰਵਾਰ ਨੂੰ ਤਿੰਨ ਖੇਤ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਲਈ ਆਪਣੀ ਹਮਾਇਤ ਦੁਹਰਾਈ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਉਹ ਕਿਸਾਨ ਅੰਦੋਲਨ ਦੀ ਹਮਾਇਤ 'ਚ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਨੂੰ ਉਨ੍ਹਾਂ ਕਿਸਾਨ ਆਗੂਆਂ ਦੇ ‘ਲੁੱਕਆਊਟ ਨੋਟਿਸ‘ ਜਾਰੀ ਕਰਨ ਦੀ ਹਦਾਇਤ ਦੇ ਦਿੱਤੀ ਹੈ, ਜਿਨ੍ਹਾਂ ਦੇ ਨਾਂ 26 ਜਨਵਰੀ ਦੀ ਕਿਸਾਨ ਪਰੇਡ ’ਚ ਹੋਈ ਹਿੰਸਾ ਦੇ ਸਬੰਧ ਵਿੱਚ ਦਾਇਰ ਹੋਈਆਂ ਐਫ਼ਆਈਆਰਜ਼ ਵਿੱਚ ਹਨ।
ਕਿਸਾਨ ਆਗੂਆਂ ਦੇ ਲੁੱਕ ਆਊਟ ਨੋਟਿਸ ਜਾਰੀ ਕਰਨ ਬਾਰੇ ਫ਼ੈਸਲਾ ਕੇਂਦਰੀ ਗ੍ਰਹਾ ਮੰਤਰਾਲੇ ਦੀ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ, ਜਿੱਥੇ ਦਿੱਲੀ ਪੁਲਿਸ ਨੂੰ ਹਦਾਇਤ ਕੀਤੀ ਗਈ ਉਹ ‘ਮੁਲਜ਼ਮ ਕਿਸਾਨ ਆਗੂਆਂ’ ਦੇ ਪਾਸਪੋਰਟ ਆਪਣੇ ਕੋਲ ਜਮ੍ਹਾ ਕਰਵਾ ਲਵੇ।
28 ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਉਨ੍ਹਾਂ ਕਿਸਾਨ ਆਗੂਆਂ ਨੂੰ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਦੇ ਨਾਂ ਐਫਆਈਆਰਜ਼ 'ਚ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਆਗੂਆਂ ਨੂੰ ਜਲਦ ਹੀ ਪਾਸਪੋਰਟ ਜਮ੍ਹਾ ਕਰਾਉਣ ਲਈ ਕਿਹਾ ਜਾਵੇਗਾ।
ਦੇਸ਼ ਦੀ ਰਾਜਧਾਨੀ ਦਿੱਲੀ 'ਚ 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਕਿਸਾਨ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਹੰਗਾਮੇ 'ਚ ਜਖ਼ਮੀ ਹੋਏ ਪੁਲਿਸ ਕਰਮੀਆਂ ਦਾ ਹਾਲਚਾਲ ਪੁੱਛਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉੱਤਰੀ ਦਿੱਲੀ ਦੇ ਉਨ੍ਹਾਂ ਦੋ ਹਸਪਤਾਲਾਂ ਦਾ ਦੌਰਾ ਕਰਨਗੇ।
ਪੱਛਮੀ ਉੱਤਰ ਪ੍ਰਦੇਸ ਦੇ ਬਾਗਪਤ 'ਚ ਇੱਕ ਹਾਈਵੇਅ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਟਾਏ ਜਾਣ ਦੀ ਖਬਰ ਆਈ ਹੈ। ਜਾਣਕਾਰੀ ਹੈ ਕਿ ਬੁੱਧਵਾਰ ਦੀ ਰਾਤ ਯੂਪੀ ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਇੱਥੋਂ ਹਟਾ ਦਿੱਤਾ ਹੈ। ਕਿਸਾਨਾਂ ਨੂੰ ਹਟਾਏ ਜਾਣ ਨੂੰ ਲੈ ਕੇ ਯੂਪੀ ਪੁਲਿਸ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਨੋਟਿਸ ਦਾ ਹਵਾਲਾ ਦਿੱਤਾ ਹੈ ਜਿਸ 'ਚ ਨਿਰਮਾਣ ਗਤੀਵਿਧੀ ਵਿੱਚ ਦੇਰੀ ਹੋਣ ਦੀ ਗੱਲ ਕਹੀ ਗਈ ਹੈ।
ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਚ ਹੋਏ ਬਵਾਲ ਮਗਰੋਂ ਦਿੱਲੀ ਤੋਂ ਕਿਸਾਨਾਂ ਦੇ ਵਾਪਸ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਇਹ ਵਾਪਸ ਜਾਣ ਵਾਲੇ ਉਹ ਕਿਸਾਨ ਹਨ ਜੋ ਗਣਤੰਤਰ ਦਿਵਸ ਪਰੇਡ ਲਈ ਆਏ ਸਨ। ਇਸ ਲਈ ਅੰਦੋਲਨ ਨੂੰ ਖਤਰਾ ਨਹੀਂ ਤੇ ਅੰਦੋਲਨ ਜਾਰੀ ਰਹੇਗਾ।
ਬੀਜੇਪੀ ਸੰਸਦ ਸੁਬਰਾਮਨੀਅਨ ਸਵਾਮੀ ਨੇ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸ਼ੱਕ ਜਤਾਇਆ ਕਿ ਲਾਲ ਕਿਲ੍ਹੇ 'ਤੇ ਜੋ ਬਵਾਲ ਹੋਇਆ, ਉਸ 'ਚ ਪੀਐਮਓ ਦੇ ਕਰੀਬੀ ਬੀਜੇਪੀ ਲੀਡਰ ਦਾ ਹੱਥ ਰਿਹਾ ਹੈ।
ਸੁਬਰਾਮਨੀਅਨ ਸਵਾਮੀ ਨੇ ਕਿਹਾ, 'ਇਕ ਗੂੰਜ ਚੱਲ ਰਹੀ ਹੈ, ਸ਼ਾਇਦ ਝੂਠੀ ਹੋ ਸਕਦੀ ਹੈ ਜਾਂ ਦੁਸ਼ਮਨਾਂ ਦੀ ਝੂਠੀ ਆਈਡੀ ਤੋਂ ਚਲਾਈ ਹੈ ਕਿ ਪੀਐਮਓ ਦੇ ਕਰੀਬੀ ਬੀਜੇਪੀ ਦੇ ਇੱਕ ਮੈਂਬਰ ਨੇ ਲਾਲ ਕਿਲ੍ਹੇ 'ਚ ਚੱਲ ਰਹੇ ਡਰਾਮੇ 'ਚ ਭੜਕਾਊ ਵਿਅਕਤੀ ਦੇ ਤੌਰ 'ਤੇ ਕੰਮ ਕੀਤਾ। ਚੈੱਕ ਕਰਕੇ ਜਾਣਕਾਰੀ ਦਿਉ।'
ਦਿੱਲੀ ਪੁਲਿਸ ਨੇ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਬਾਰੇ FIR ਦਰਜ ਕੀਤੀ ਹੈ। ਇਸ ਵਿੱਚ 37 ਕਿਸਾਨ ਨੇਤਾਵਾਂ ਦੇ ਨਾਂ ਹਨ। ਧਰਨੇ ਵਿੱਚ ਸ਼ਾਮਲ ਲਗਪਗ ਸਾਰੇ ਨੇਤਾਵਾਂ ਦੇ ਨਾਂ ਇਸ ਵਿੱਚ ਸ਼ਾਮਲ ਹਨ। ਸਮਯਪੁਰੀ ਬਾਦਲੀ ਦੀ FIR ਨੰਬਰ 39 ਵਿੱਚ ਨਰਮਦਾ ਬਚਾਓ ਅੰਦੋਲਨ ਦੀ ਮੇਧਾ ਪਾਟਕਰ ਤੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਦਾ ਨਾਂ ਵੀ ਸ਼ਾਮਲ ਹੈ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਸਭਾ ਡਕੌਦਾ ਦੇ ਬੂਟਾ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ, ਸੁਰਜੀਤ ਸਿੰਘ ਫੂਲ, ਜੋਗਿੰਦਰ ਸਿੰਘ ਹਰਮੀਤ ਸਿੰਘ ਕਾਦੀਆਂ, ਬਲਵੀਰ ਸਿੰਘ ਰਾਜੇਵਾਲ, ਸਤਨਾਮ ਸਿੰਘ ਸਾਹਨੀ, ਡਾ. ਦਰਸ਼ਨ ਪਾਲ, ਭੋਗ ਸਿੰਘ ਮਾਨਸਾ, ਬਲਵਿੰਦਰ ਸਿੰਘ ਓਲਕ, ਸਤਨਾਮ ਸਿੰਘ ਭੇੜੂ, ਬੂਟਾ ਸਿੰਘ ਸ਼ਾਦੀਪੁਰ, ਬਲਦੇਵ ਸਿੰਘ ਸਿਰਸਾ, ਜਗਬੀਰ ਸਿੰਘ ਤਾਦਾ, ਮੁਕੇਸ਼ ਚੰਦਰ, ਸੁਖਪਾਲ ਸਿੰਘ ਦਫ਼ਰ, ਹਰਪਾਲ ਸਾਂਗਾ, ਕ੍ਰਿਪਾਲ ਸਿੰਘ ਨਟੂਵਾਲਾ, ਰਾਕੇਸ਼ ਟਿਕਟ, ਕਵਿਤਾ, ਰਿਸ਼ੀ ਪਾਲ ਅੰਬਵਤਾ, ਵੀ ਐਮ ਸਿੰਘ ਤੇ ਪ੍ਰੇਮ ਸਿੰਘ ਗਹਿਲੋਤ ਦੇ ਨਾਂ ਸ਼ਾਮਲ ਹਨ।
ਦਿੱਲੀ ਪੁਲਿਸ ਦੀ ਇਸ ਐਫਆਈਆਰ ਵਿੱਚ ਕੁੱਲ 13 ਧਾਰਾਵਾਂ ਲਾਈਆਂ ਗਈਆਂ ਹਨ ਜਿਨ੍ਹਾਂ 'ਚ ਅਪਰਾਧਕ ਸਾਜਿਸ਼, ਲੁੱਟ, ਲੁੱਟ ਦੌਰਾਨ ਜਾਨਲੇਵਾ ਹਥਿਆਰ ਦੀ ਵਰਤੋਂ ਤੇ ਕਤਲ ਦੀ ਕੋਸ਼ਿਸ਼ ਵਰਗੀਆਂ ਗੰਭੀਰ ਧਾਰਾਵਾਂ ਸ਼ਾਮਲ ਹਨ।
ਹਰਿਆਣਾ 'ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਚੌਟਾਲਾ ਨੇ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅਸਤੀਫ਼ਾ ਦੇ ਦਿੱਤਾ ਹੈ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਅਭੈ ਚੌਟਾਲਾ ਏਲਨਾਬਾਦ ਤੋਂ ਵਿਧਾਇਕ ਸਨ।
ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਲਈ ਦਿੱਲੀ ਪੁਲਿਸ ਨੇ ਕਈ ਕਿਸਾਨ ਲੀਡਰਾਂ ਖਿਲਾਫ ਕੇਸ ਦਰਜ ਕੀਤਾ ਹੈ। ਕਿਸਾਨ ਲੀਡਰ ਦਰਸ਼ਨਪਾਲ, ਰਾਜਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ ਤੇ ਜੋਗਿੰਦਰ ਯਾਦਵ ਤੇ ਵਾਅਦਾਖਿਲਾਫ ਕਰਨ ਦੇ ਦੋਸ਼ ਹਨ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਟਰੈਕਟਰ ਰੈਲੀ ਲਈ ਜਾਰੀ NOC ਦੀ ਕਿਸਾਨਾਂ ਨੇ ਉਲੰਘਣਾ ਕੀਤੀ ਹੈ।ਇਸ FIR ਰਾਕੇਸ਼ ਟਿਕੈਤ ਦਾ ਨਾਮ ਵੀ ਸ਼ਾਮਲ।
ਪੁਲਿਸ ਨੇ 93 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 200 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦਿੱਲੀ ਪੁਲਿਸ ਵੱਲੋਂ ਹਿੰਸਾ ਸਬੰਧੀ ਦਰਜ ਕੀਤੀ ਗਈ ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਟਰੈਕਟਰ ਰੈਲੀ ਲਈ ਪੁਲਿਸ ਦੁਆਰਾ ਜਾਰੀ ਕੀਤੀ ਗਈ ਐਨਓਸੀ ਦੀ ਪਾਲਣਾ ਨਹੀਂ ਕੀਤੀ ਗਈ ਸੀ।
ਮੰਗਲਵਾਰ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਮਗਰੋਂ ਕੱਲ੍ਹ ਹਰਿਆਣਾ ਤੇ ਪੰਜਾਬ ਵਿੱਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਸੀ। ਅੱਜ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਧਰਨੇ ਵਾਲੀ ਥਾਂ ਤੋਂ ਕਿਸਾਨਾਂ ਨੂੰ ਘਰ ਜਾਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਲੰਗਰ ਵਿਵਸਥਾ ਵੀ ਬੰਦ ਕਰਵਾ ਦਿੱਤੀ ਗਈ ਹੈ।
ਬਸਤਾੜਾ ਟੋਲ ਪਲਾਜ਼ਾ ਤੇ ਕਈ ਦਿਨਾਂ ਤੋਂ ਚੱਲ ਰਿਹਾ ਧਰਨਾ ਪੁਲਿਸ ਪ੍ਰਸ਼ਾਸਨ ਨੇ ਬੰਦ ਕਰਵਾ ਦਿੱਤਾ ਹੈ। ਪੁਲਿਸ ਨੇ ਧਰਨੇ ਨੂੰ ਸ਼ਾਤੀ ਨਾਲ ਬੰਦ ਕਰਵਾ ਦਿੱਤਾ। ਇਸ ਦੌਰਾਨ ਐਸਐਸਪੀ ਤੇ ਡੀਸੀ ਖੁਦ ਮੌਜੂਦ ਰਹੇ। ਉਨ੍ਹਾਂ ਕੁਝ ਲੋਕਾਂ ਨਾਲ ਮਿਲਕੇ ਕਿਸਾਨਾਂ ਨੂੰ ਸਮਝਾਇਆ ਜਿਸ ਮਗਰੋਂ ਟੋਲ ਪਲਾਜ਼ਾ ਤੋਂ ਧਰਨਾ ਚੁੱਕਿਆ ਗਿਆ। ਇਸ ਦੇ ਨਾਲ ਦੀ ਦਿੱਲੀ ਤੋਂ ਆਉਣ ਜਾਣ ਵਾਲੀਆਂ ਟਰੈਕਟਰ ਟਰਾਲੀਆਂ ਨੂੰ ਵੀ ਇਸ ਟੋਲ ਪਲਾਜ਼ਾ ਤੇ ਰੁਕਣ ਨਹੀਂ ਦਿੱਤਾ ਜਾ ਰਿਹਾ।
ਗਣਤੰਤਰ ਦਿਵਸ ਮੌਕੇ ਰਾਜਧਾਨੀ ਦਿੱਲੀ 'ਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਬਾਰੇ ਦਿੱਲੀ ਪੁਲਿਸ ਅੱਜ ਸ਼ਾਮੀਂ 4 ਵਜੇ ਪ੍ਰੈੱਸ ਕਾਨਫ਼ਰੰਸ ਕਰੇਗੀ। ਇਹ ਜਾਣਕਾਰੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਵੱਲੋਂ ਦਿੱਤੀ ਗਈ ਹੈ।
ਗਣਤੰਤਰ ਦਿਵਸ ਮੌਕੇ ਦਿੱਲੀ ਹਿੰਸਾ ਨੂੰ ਲੈ ਕੇ ਕਿਸਾਨ ਲੀਡਰਾਂ ਤੇ ਕੇਸ ਦਰਜ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦਿੱਲੀ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਕ ਯੋਗੇਂਦਰ ਯਾਦਵ ਸਮੇਤ ਕਈ ਲੀਡਰਾਂ 'ਤੇ ਕੇਸ ਦਰਜ ਕੀਤਾ ਗਿਆ।
ਇਨ੍ਹਾਂ 'ਚ ਦੀਪ ਸਿੱਧੂ ਅਤੇ ਲੱਖਾ ਸਿਧਾਨਾ ਦਾ ਨਾਂਅ ਵੀ ਸ਼ਾਮਲ ਹੈ। ਸਰਵਨ ਸਿੰਘ ਪੰਧੇਰ ਅਤੇ ਸਤਨਾਮ ਸਿੰਘ ਪੰਨੂ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ।
ਦਿੱਲੀ ਪੁਲਿਸ ਨੇ ਹੁਣ ਤੱਕ 200 ਲੋਕਾਂ ਨੂੰ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ।
ਸੂਤਰਾਂ ਮੁਤਾਬਕ ਆਊਟਰ ਜ਼ਿਲ੍ਹੇ ਵਿੱਚ ਦਰਜ ਕੀਤੀਆਂ ਪੰਜ ਐਫਆਈਆਰਜ਼ ਵਿੱਚ ਕਿਸਾਨ ਨੇਤਾਵਾਂ ਦੇ ਨਾਂ ਵੀ ਸ਼ਾਮਲ ਹਨ। ਚਾਰ ਐਫਆਈਆਰ ਨੰਗਲੋਈ ਥਾਣੇ ਵਿੱਚ ਦਰਜ ਕੀਤੀਆਂ ਹਨ, ਇਕ ਐਫਆਈਆਰ ਪੱਛਮੀ ਵਿਹਾਰ ਵੈਸਟ ਥਾਣੇ ਵਿੱਚ ਦਰਜ ਕੀਤੀ ਗਈ ਹੈ। ਹਾਲਾਂਕਿ ਪੁਲਿਸ ਕਿਸਾਨ ਨੇਤਾਵਾਂ ਦੇ ਨਾਂ ਜ਼ਾਹਰ ਨਹੀਂ ਕਰ ਰਹੀ। ਕਿਸਾਨ ਨੇਤਾਵਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਆਊਟਰ ਰਿੰਗ ਰੋਡ 'ਤੇ ਜਾਵਾਂਗੇ। ਉਨ੍ਹਾਂ ਕਿਹਾ 'ਸੰਯੁਕਤ ਕਿਸਾਨ ਮੋਰਚੇ ਨੇ ਵੀ ਇਹੀ ਐਲਾਨ ਕੀਤਾ ਸੀ। ਬਾਅਦ 'ਚ ਸੰਯੁਕਤ ਕਿਸਾਨ ਮੋਰਚਾ ਪਿੱਛੇ ਹਟ ਗਿਆ। ਅਸੀਂ ਪੁਲਿਸ ਵੱਲੋਂ ਰੋਕਣ ਮਗਰੋਂ ਬੈਰੀਕੇਡ ਤੋੜੇ। ਅਸੀਂ ਪੁਲਿਸ ਨੂੰ ਕਹਿ ਰਹੇ ਸੀ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਆਊਟਰ ਰਿੰਗ ਰੋਡ ਜਾਵਾਂਗੇ।'
ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਵਿੱਚ ਹੁਣ ਤੱਕ ਕੁੱਲ 22 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਹਿੰਸਾ ਦੀ ਤਹਿ ਤੱਕ ਜਾਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਲੈ ਰਹੀ ਹੈ।
ਬੀਤੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਸਵੇਰੇ 11.30 ਵਜੇ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ। ਇਹ ਜਾਣਕਾਰੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਿੱਤੀ ਗਈ ਹੈ। ਇਸ ਪ੍ਰੈੱਸ ਕਾਨਫ਼ਰੰਸ 'ਚ ਆਗੂਆਂ ਵੱਲੋਂ ਬੀਤੇ ਦਿਨ ਦੀ ਹਿੰਸਾ ਨੂੰ ਲੈ ਕੇ ਉਨ੍ਹਾਂ ਦੀ ਜਥੇਬੰਦੀ 'ਤੇ ਲੱਗੇ ਇਲਜ਼ਾਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਪੁਲਿਸ ਸੂਤਰਾਂ ਅਨੁਸਾਰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਹਿੰਸਾ ਦੌਰਾਨ ਕੁੱਲ 230 ਪੁਲਿਸ ਮੁਲਾਜ਼ਮ ਜ਼ਖਮੀ ਹੋਏ। ਉੱਤਰੀ ਦਿੱਲੀ ਵਿੱਚ 41, ਪੂਰਬੀ ਦਿੱਲੀ ਵਿੱਚ 34, ਪੱਛਮੀ ਦਿੱਲੀ ਵਿੱਚ 27, ਦੁਆਰਕਾ ਵਿੱਚ 32, ਬਾਹਰੀ-ਉੱਤਰੀ ਜ਼ਿਲ੍ਹੇ ਵਿੱਚ 12, ਸ਼ਾਹਦਰਾ ਵਿੱਚ 5, ਦੱਖਣੀ ਜ਼ਿਲ੍ਹੇ ਵਿੱਚ 4 ਤੇ ਦਿੱਲੀ ਦੇ ਬਾਹਰੀ ਜ਼ਿਲ੍ਹਿਆਂ ਵਿੱਚ 75 ਜ਼ਖਮੀ ਹੋਏ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਵਿੱਚ 26 ਜਨਵਰੀ ਨੂੰ ਹੋਈ ਹਿੰਸਾ ਦੀ ਜਾਂਚ ਦਿੱਲ਼ੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਕੋਲ ਜਾਏਗੀ। ਇਸ ਜਾਂਚ ਲਈ ਐਸਆਈਟੀ ਬਣਾਉਣ ਦੀ ਤਿਆਰੀ ਹੈ।
ਸੰਨੀ ਦਿਓਲ ਨੇ ਟਵੀਟ ਕਰਕੇ ਕਿਹਾ, "ਅੱਜ ਲਾਲ ਕਿਲ੍ਹੇ 'ਤੇ ਜੋ ਹੋਇਆ ਵੇਖ ਕੇ ਬਹੁਤ ਦੁਖੀ ਹਾਂ, ਮੈਂ 6 ਦਸੰਬਰ ਨੂੰ ਟਵਿੱਟਰ' ਤੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਮੇਰਾ ਜਾਂ ਮੇਰੇ ਪਰਿਵਾਰ ਦਾ ਦੀਪ ਸਿੱਧੂ ਨਾਲ ਕੋਈ ਸਬੰਧ ਨਹੀਂ ਹੈ। ਜੈ ਹਿੰਦ!"
ਦਿੱਲੀ 'ਚ ਹਿੰਸਾ ਤੋਂ ਬਾਅਦ ਹਰਿਆਣਾ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਫਤਿਹਾਬਾਦ ਦੇ ਡੀਸੀ ਨੇ ਹੁਕਮਾਂ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ 'ਚ ਅਸ਼ਾਂਤੀ ਮਗਰੋਂ ਹਾਈ ਅਲਰਟ ਦੇ ਹੁਕਮ ਮਿਲੇ ਹਨ। ਪੂਰੇ ਹਰਿਆਣਾ 'ਚ ਹਾਈ ਅਲਰਟ ਦੇ ਹੁਕਮ ਮਿਲੇ ਹਨ। ਪੂਰੇ ਹਰਿਆਣਾ 'ਚ ਹਾਈ ਅਲਰਟ ਜਾਰੀ ਹੋਇਆ ਹੈ। ਹਾਈ ਅਲਰਟ ਤੋਂ ਬਾਅਦ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ।
ਗਣਤੰਤਰ ਦਿਵਸ ਦੇ ਦਿਨ, ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਹੋਈ ਹਿੰਸਾ ਤੋਂ ਬਾਅਦ ਰਾਜਧਾਨੀ ਦਿੱਲੀ ਛਾਉਣੀ ਵਿੱਚ ਬਦਲ ਗਈ ਹੈ। ਦਿੱਲੀ ਵਿੱਚ ਪੁਲਿਸ ਫੋਰਸ ਦੇ ਨਾਲ ਸੀਆਰਪੀਐਫ ਦੀਆਂ 15 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਾਲਾਂਕਿ ਲਾਲਾ ਕਿਲਾ ਨੂੰ ਦੇਰ ਰਾਤ ਅੰਦੋਲਨਕਾਰੀਆਂ ਤੋਂ ਖਾਲੀ ਕਰਵਾ ਲਿਆ ਗਿਆ।ਹਿੰਸਾ ਵਿੱਚ ਲਗਪਗ 86 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਉਸੇ ਸਮੇਂ, ਇਸ ਸਮੇਂ ਦੌਰਾਨ ਇੱਕ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਵੀ ਹੋ ਗਈ।
ਪਿਛੋਕੜ
Farmers Protest LIVE Updates: ਮੰਗਲਵਾਰ ਕਿਸਾਨਾਂ ਦੀ ਟ੍ਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਸਬੰਧੀ ਹੁਣ ਤਕ 15 FIR ਦਰਜ ਕੀਤੀਆਂ ਜਾ ਚੁੱਕੀਆਂ ਹਨ। FIR ਈਸਟਰਨ ਰੇਂਜ 'ਚ ਦਰਜ ਕੀਤੀ ਗਈ ਹੈ। ਨਜਫਗੜ੍ਹ, ਹਰੀਦਾਸ ਨਗਰ, ਉੱਤਮ ਨਗਰ 'ਚ ਇਕ-ਇਕ ਐਫਆਈਆਰ ਰਾਤ ਹੋ ਚੁੱਕੀ ਸੀ। ਹੁਣ ਤਕ ਦੀ ਜਾਣਕਾਰੀ ਮੁਤਾਬਕ ਵੱਖ ਵੱਖ ਜ਼ਿਲ੍ਹਿਆਂ 'ਚ ਕੁੱਲ 15 ਐਫਆਈਆਰ ਕੱਲ੍ਹ ਦੀ ਹਿੰਸਾ ਨੂੰ ਲੈ ਕੇ ਦਰਜ ਹੋਈਆਂ ਹਨ।
ਟ੍ਰੈਕਟਰ ਪਰੇਡ 'ਚ ਹਿੰਸਾ ਮਗਰੋਂ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦਾ ਐਂਟਰੀ ਗੇਟ ਬੰਦ ਕਰ ਦਿੱਤਾ ਗਿਆ। ਇੱਥੋਂ ਯਾਤਰੀਆਂ ਦੇ ਬਾਹਰ ਨਿੱਕਲਣ ਦੀ ਸੁਵਿਧਾ ਹੈ ਪਰ ਅੰਦਰ ਦਾਖਲ ਨਹੀਂ ਹੋ ਸਕਦੇ। ਹਾਲਾਂਕਿ ਬਾਕੀ ਸਾਰੇ ਮੈਟਰੋ ਸਟੇਸ਼ਨ ਖੁੱਲ੍ਹੇ ਹਨ।
26 ਜਨਵਰੀ ਟ੍ਰੈਕਟਰ ਪਰੇਡ 'ਚ ਹਿੰਸਾ ਤੋਂ ਬਾਅਦ ਦਿੱਲੀ ਛਾਉਣੀ ਬਣ ਗਈ ਹੈ। ਪੁਲਿਸ ਦੇ ਨਾਲ CRPF ਦੀਆਂ 15 ਕੰਪਨੀਆਂ ਤਾਇਨਾਤ ਹਨ। ਦੇਰ ਰਾਤ ਅੰਦੋਲਨਕਾਰੀਆਂ ਤੋਂ ਲਾਲ ਕਿਲ੍ਹਾ ਖਾਲੀ ਕਰਵਾ ਲਿਆ ਗਿਆ। ਇਸ ਦੌਰਾਨ 83 ਪੁਲਿਸ ਕਰਮੀ ਜ਼ਖ਼ਮੀ ਹੋਏ ਹਨ। ਟ੍ਰੈਕਟਰ ਪਲਟਣ ਨਾਲ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋਈ ਹੈ। ਹੁਣ ਤਕ 15 ਐਫਆਈਆਰ ਦਰਜ ਕੀਤੀਆਂ ਗਈਆਂ ਹਨ।