Farmers Prtest: ਅੱਜ ਖਨੌਰੀ ਵਿਖੇ ਦਾਤਾ ਸਿੰਘ ਬਾਰਡਰ 'ਤੇ ਵੀ ਸਥਿਤੀ ਤਣਾਅਪੂਰਨ ਬਣੀ ਰਹੀ। ਕਿਸਾਨਾਂ ਵੱਲੋਂ ਤੈਅ ਪ੍ਰੋਗਰਾਮ ਮੁਤਾਬਕ ਸਵੇਰੇ 11 ਵਜੇ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਗਈ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ।
ਖਨੌਰੀ ਸਰਹੱਦ ਉਪਰ ਵੀ ਪੰਜਾਬ ਵਾਲੇ ਪਾਸੇ ਹਜ਼ਾਰਾਂ ਕਿਸਾਨ ਇਕੱਠੇ ਹੋਏ ਹਨ। ਉਹ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ 'ਤੇ ਅੜੇ ਹੋਏ ਹਨ। ਦੂਜੇ ਪਾਸੇ ਹਰਿਆਣਾ ਵੱਲ ਸਰਹੱਦ 'ਤੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਪੰਜਾਬ-ਹਰਿਆਣਾ ਸਰਹੱਦ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਅੱਜ ਸਵੇਰੇ ਜਿਉਂ ਹੀ ਕਿਸਾਨਾਂ ਨੇ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਬਲਾਂ ਵੱਲੋਂ ਸਖਤੀ ਕੀਤੀ ਗਈ। ਹਾਲਾਤ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਮੁੜ ਮੀਟਿੰਗ ਬੁਲਾ ਲਈ। ਕੇਂਦਰੀ ਖੇਤੀ ਮੰਤਰੀ ਅਰਜਮ ਮੁੰਡਾ ਨੇ ਕਿਹਾ ਕਿ ਉਹ ਕਿਸਾਨ ਲੀਡਰਾਂ ਨਾਲ ਪੰਜਵੇਂ ਗੇੜ ਦੀ ਗੱਲਬਾਤ ਲਈ ਤਿਆਰ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਸ਼ਾਮ ਚਾਰ ਵਜੇ ਤੱਕ ਦਿੱਲੀ ਕੂਚ ਰੋਕ ਦਿੱਤਾ ਹੈ।
ਖੇਤੀ ਮੰਤਰੀ ਅਰਜਮ ਮੁੰਡਾ ਨੇ ਟਵੀਟ ਕਰਦਿਆਂ ਕਿਹਾ ਕਿ ਚੌਥੇ ਗੇੜ ਤੋਂ ਬਾਅਦ ਸਰਕਾਰ ਪੰਜਵੇਂ ਗੇੜ ਦੀ ਗੱਲਬਾਤ ਲਈ ਤਿਆਰ ਹੈ। ਸਰਕਾਰ ਐਮਐਸਪੀ ਦੀ ਮੰਗ, ਫਸਲੀ ਵਿਭਿੰਨਤਾ, ਪਰਾਲੀ ਦਾ ਮੁੱਦਾ, ਐਫਆਈਆਰ ਵਰਗੇ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ। ਮੈਂ ਕਿਸਾਨ ਆਗੂਆਂ ਨੂੰ ਮੁੜ ਚਰਚਾ ਲਈ ਸੱਦਾ ਦਿੰਦਾ ਹਾਂ। ਸਾਡੇ ਲਈ ਸ਼ਾਂਤੀ ਬਣਾਈ ਰੱਖਣਾ ਜ਼ਰੂਰੀ ਹੈ।
ਅੱਜ ਸਵੇਰੇ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਐਲਾਨ ਮੁਤਾਬਕ ਦਿੱਲੀ ਵੱਲ ਕੂਚ ਕੀਤਾ। ਕਿਸਾਨਾਂ ਨੂੰ ਰੋਕਣ ਲਈ ਸੁਰੱਖਿਆ ਬਲ ਅੱਥਰੂ ਗੈਸ ਦੇ ਗੋਲੇ ਦਾਗੇ। ਸੁਰੱਖਿਆ ਬਲਾਂ ਵੱਲੋਂ ਡ੍ਰੋਨ ਨਾਲ ਵੀ ਅੱਥਰੂ ਗੈਸ ਦੇ ਗੋਲੇ ਦਾਗੇ। ਕਿਸਾਨ ਤੇ ਸੁਰੱਖਿਆ ਬਲ ਮੁੜ ਆਹਮੋ-ਸਾਹਮਣੇ ਹੋ ਗਏ। ਕਿਸਾਨਾਂ ਵੱਲੋਂ ਬੈਰੀਕੇਡ ਤੋੜਨ ਲਈ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਆ ਗਿਆ।
ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਨੌਜਵਾਨਾਂ ਨੂੰ ਅੱਗੇ ਨਾ ਵਧਣ ਦੀ ਅਪੀਲ ਕੀਤੀ ਹੈ। ਸ਼ੰਭੂ ਸਰਹੱਦ 'ਤੇ ਹੰਗਾਮੇ ਦੌਰਾਨ ਪੰਧੇਰ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇ ਦਿੰਦੀ ਹੈ ਤਾਂ ਪ੍ਰਦਰਸ਼ਨਕਾਰੀ ਅੱਗੇ ਨਹੀਂ ਵਧਣਗੇ। ਉਨ੍ਹਾਂ ਧਰਨਾਕਾਰੀਆਂ ਨੂੰ ਕਿਹਾ ਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਆਏ ਹਨ ਤੇ ਉਨ੍ਹਾਂ ਨੇ ਮੁੜ ਗੱਲਬਾਤ ਲਈ ਕਿਹਾ ਹੈ।