Land Pooling Policy Punjab: ਕਿਸਾਨ ਮਜ਼ਦੂਰ ਮੋਰਚਾ (KMM) ਨੇ ਲੈਂਡ ਪੂਲਿੰਗ ਖਿਲਾਫ ਸਰਕਾਰ ਨਾਲ ਸਿੱਧਾ ਮੱਥਾ ਲਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕਿਸਾਨ ਯੂਨੀਅਨਾਂ ਨੂੰ ਇੱਕਜੁੱਟ ਕਰਨ ਦੀ ਕਵਾਇਦ ਵੀ ਸ਼ੁਰੂ ਹੋ ਗਈ ਹੈ। ਕਿਸਾਨ ਮਜ਼ਦੂਰ ਮੋਰਚਾ ਨੇ ਕਿਹਾ ਕਿ ਜ਼ਮੀਨ, ਰੁਜ਼ਗਾਰ ਤੇ ਪੇਂਡੂ ਪਛਾਣ ਦੀ ਰੱਖਿਆ ਲਈ ਏਕਾ ਬੇਹੱਦ ਜ਼ਰੂਰੀ ਹੈ। ਇਸ ਦੇ ਨਾਲ ਹੀ ਯੂਨੀਅਨ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅੱਗੇ ਦੀ ਰਣਨੀਤੀ ਦਾ ਐਲਾਨ ਕੀਤਾ ਜਾਏਗਾ।
ਜਥੇਬੰਦੀ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਐਤਵਾਰ ਨੂੰ ਡਾ. ਭੀਮ ਰਾਵ ਅੰਬੇਡਕਰ ਭਵਨ, ਲੁਧਿਆਣਾ ਵਿੱਚ ਕਿਸਾਨ ਮਜ਼ਦੂਰ ਮੋਰਚਾ ਦੀ ਐਮਰਜੈਂਸੀ ਮੀਟਿੰਗ ਹੋਈ ਜਿਸ ਵਿੱਚ ਸਾਂਝੇ ਘੋਲ ਸਬੰਧੀ ਤੇ ਪੰਜਾਬ ਸਰਕਾਰ ਦੀ ਚੱਲ ਰਹੀ ਲੈਂਡ ਪੁਲਿੰਗ ਨੀਤੀ ਸਬੰਧੀ ਚਿੰਤਾਜਨਕ ਹਾਲਾਤਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੁੱਖ ਅਜੰਡਿਆਂ ਵਿੱਚੋਂ ਇੱਕ ਸੀ ਕਿ ਸਭ ਕਿਸਾਨ ਯੂਨੀਅਨਾਂ ਵਿੱਚ ਸਾਂਝੇ ਘੋਲ ਵਾਸਤੇ ਏਕਤਾ ਤੇ ਇਕਜੁੱਟਤਾ ਕਾਇਮ ਕੀਤੀ ਜਾਵੇ।
ਮੀਟਿੰਗ ਵਿੱਚ ਇਹ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਿਰਫ ਇਕਜੁੱਟਤਾ ਰਾਹੀਂ ਹੀ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨ ਜਬਰਨ ਹੜਪਣ ਦੇ ਮੰਤਵਾਂ ਨੂੰ ਰੋਕਿਆ ਜਾ ਸਕਦਾ ਹੈ। ਇੱਸ ਸਬੰਧ ਵਿੱਚ KMM ਵੱਲੋਂ ਸੰਯੁਕਤ ਕਿਸਾਨ ਮੋਰਚਾ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ 26 ਅਗਸਤ 2025 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਇਹ ਇੱਕ ਸਾਂਝੀ ਮੀਟਿੰਗ ਦਾ ਸੱਦਾ ਦਿੱਤਾ। ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਵੀ ਇਹੀ ਚਾਹੁੰਦੇ ਹਨ ਕਿ ਸਭ ਯੂਨੀਅਨਾਂ ਇਕੱਠੇ ਹੋਣ ਤਾਂ ਜੋ ਜਮੀਨ, ਰੋਜ਼ਗਾਰ ਤੇ ਪੇਂਡੂ ਪਛਾਣ ਦੀ ਰੱਖਿਆ ਕੀਤੀ ਜਾ ਸਕੇ।
ਮੀਟਿੰਗ ਦੌਰਾਨ ਇਹ ਗੰਭੀਰ ਚੇਤਾਵਨੀ ਦਿੱਤੀ ਗਈ ਕਿ ਸਰਕਾਰ ਕਿਸਾਨੀ ਮੋਰਚੇ ਨੂੰ ਕਮਜ਼ੋਰ ਕਰਨ ਲਈ ਵੰਡ-ਵਿਧੀ ਦੀ ਰਾਜਨੀਤੀ ਕਰ ਰਹੀ ਹੈ।ਸਾਫ਼ ਹੋਇਆ ਕਿ ਸਰਕਾਰ ਨੂੰ ਖੁਦ ਇਸ ਨੀਤੀ ਦੀ ਪੂਰੀ ਜਾਣਕਾਰੀ ਨਹੀਂ। ਮੁੱਖ ਮੰਤਰੀ ਸਮੇਤ ਅਨੇਕ ਆਗੂ ਵੱਖ-ਵੱਖ ਬਿਆਨ ਦੇ ਕੇ ਲੋਕਾਂ ਤੇ ਕਿਸਾਨਾਂ ਨੂੰ ਭੁਲਾਵੇ ਵਿੱਚ ਪਾ ਰਹੇ ਹਨ। KMM ਵੱਲੋਂ ਇਸ ਗੱਲ ਦੀ ਸਖ਼ਤ ਨਿੰਦਾ ਕੀਤੀ ਗਈ ਕਿ AAP ਦੇ ਨੇਤਾ ਝੂਠੇ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਮੋਰਚੇ ਨੇ ਆਪਣੇ ਵਚਨ ਨੂੰ ਦੁਹਰਾਇਆ ਕਿ ਸੱਚਾਈ ਨੂੰ ਸਾਮ੍ਹਣੇ ਲਿਆਂਦੇ ਰਹੀਏਗਾ, ਜਾਗਰੂਕਤਾ ਵਧਾਈ ਜਾਵੇਗੀ ਤੇ ਨੀਤੀ ਦੀ ਵਾਪਸੀ ਤੱਕ ਸੰਘਰਸ਼ ਤੀਬਰ ਕੀਤਾ ਜਾਵੇਗਾ। KMM ਨੇ ਰਾਜ ਪੱਧਰੀ ਮੋਬਿਲਾਈਜੇਸ਼ਨ ਦਾ ਐਲਾਨ ਕੀਤਾ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅੱਗੇ ਦੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ, ਗੁਰਅਮਨੀਤ ਸਿੰਘ ਮਾਂਗਟ, ਦਿਲਬਾਗ ਸਿੰਘ ਗਿੱਲ, ਲਖਵੀਰ ਸਸਿੰਘ ਦੌਧਰ, ਜੰਗ ਸਿੰਘ ਭਟੇੜੀ, ਸਤਵੰਤ ਸਿੰਘ ਵਜੀਦਪੁਰ, ਬਲਕਾਰ ਸਿੰਘ ਬੈਂਸ, ਸੁਖਦੇਵ ਸਿੰਘ ਮੰਗਲੀ, ਸਾਹਬ ਸਿੰਘ, ਨੇਕ ਸਿੰਘ ਸਿਕੋਵਾਲ, ਮਨਜੀਤ ਅਰੋੜਾ ਹਾਜ਼ਰ ਰਹੇ।