ਗੁਰਦਾਸਪੁਰ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਤੇ ਪੰਜਾਬ ਸਰਕਾਰ ਵੱਲੋਂ ਸੱਤਾ ਹਥਿਆਉਣ ਲਈ ਝੂਠੀਆਂ ਸੌਹਾਂ ਖਾ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦੇ ਰੋਸ ਤੇ ਲੋਕ ਮਾਰੂ ਨੀਤੀਆਂ ਖਿਲਾਫ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਗੁਰਦਾਸਪੁਰ ਦੇ ਡੀਸੀ ਦਫਤਰ ਅੱਗੇ ਸ਼ੁਰੂ ਕੀਤਾ ਪੱਕਾ ਮੋਰਚਾ ਲਗਾਤਾਰ ਤੀਜੇ ਦਿਨ ਜਾਰੀ ਰਿਹਾ।
ਕਿਸਾਨਾਂ ਦਾ ਕਹਿਣਾ ਸੀ, ਕਿ ਸਾਡਾ ਧਰਨਾ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ, ਮੀਟਿੰਗ ਵਿੱਚ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਨੂੰ ਵਿਸ਼ਵਾਸ਼ ਦਿੱਤਾ ਸੀ ਕਿ ਜਲਦੀ ਹੀ ਤੁਹਾਡੀਆਂ ਮੰਗਾ ਮੰਨ ਲਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਅਗਰ ਸਰਕਾਰ ਨੇ 20 ਦਿਨਾਂ ਵਿਚ ਸਾਡੀਆਂ ਮੰਗਾ ਨਾ ਮੰਨੀਆਂ ਤਾਂ ਅਸੀਂ ਰੇਲ ਲਾਈਨਾਂ 'ਤੇ ਬੈਠ ਜਾਵਾਂਗੇ।
ਇਸ ਮੌਕਾ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਲੀਡਰ ਸਤਨਾਮ ਸਿੰਘ ਪੰਨੂ, ਗੁਰਪ੍ਰੀਤ ਸਿੰਘ, ਅਮ੍ਰਿਤਪਾਲ ਕੌਰ ਤੇ ਦਵਿੰਦਰ ਕੌਰ ਨੇ ਕਿਹਾ ਕਿ ਕੇਂਦਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਹਨ, ਜਿਸ ਦਾ ਅਸੀਂ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਹਾਂ ਅਤੇ ਜੋ ਪੰਜਾਬ ਸਰਕਾਰ ਵੱਲੋਂ ਸੱਤਾ ਹਥਆਉਣ ਲਈ ਕਾਂਗਰਸ ਸਰਕਾਰ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਖਾਦੀ ਸੀ, ਕਿ ਕੁਝ ਦਿਨਾਂ ਵਿਚ ਹੀ ਨਸ਼ੇ ਨੂੰ ਖਤਮ ਕਰ ਦਿਤਾ ਜਾਵੇਗਾ, ਲੇਕਿਨ ਉਨ੍ਹਾਂ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਿਆ ਹੈ ਕਿ ਝੋਨੇ ਦੀ ਖਰੀਦ ਪੁਰਾਣੇ ਮਾਪਦੰਡਾਂ ਦੇ ਨਾਲ ਹੋਵੇਗੀ, ਲੇਕਿਨ ਕਿਸਾਨਾਂ ਨੂੰ ਪੈਸੇ ਨਵੀਆਂ ਹਿਦਾਇਤਾਂ ਦੇ ਨਾਲ ਦਿੱਤੇ ਜਾਣਗੇ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਡੀਸੀ ਦਫਤਰ ਅੱਗੇ ਪੱਕਾ ਮੋਰਚਾ ਲਗਾਇਆ ਸੀ ਅਤੇ 30 ਸਤੰਬਰ ਨੂੰ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ, ਲੇਕਿਨ ਪੰਜਾਬ ਸਰਕਾਰ ਨੇ ਤੁਰੰਤ ਸਾਡੇ ਨਾਲ ਮੀਟਿੰਗ ਕਰਕੇ ਸਾਨੂੰ ਵਿਸ਼ਵਾਸ ਦਿਤਾ ਹੈ, ਕਿ ਜਲਦੀ ਹੀ ਤੁਹਾਡੀਆਂ ਮੰਗਾ ਮੰਨ ਲਈਆਂ ਜਾਣਗੀਆਂ।
ਕਿਸਾਨਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ 20 ਦਿਨਾਂ ਦਾ ਸਮਾਂ ਦਿੱਤਾ ਹੈ, ਅਗਰ ਸਾਡੀਆਂ ਮੰਗਾ ਨਾ ਮੰਨੀਆਂ ਗਈਆਂ, ਤਾਂ ਅਸੀ 20 ਦਿਨਾਂ ਬਾਅਦ ਰੇਲ ਲਾਈਨਾਂ 'ਤੇ ਬੈਠ ਜਾਵਾਂਗੇ। ਪੰਜਾਬੀ ਅਦਾਕਾਰ ਦੀਪ ਸਿੱਧੂ ਵੱਲੋਂ ਬਣਾਈ ਗਈ ਕਿਸਾਨ ਜਥੇਬੰਦੀ 'ਤੇ ਬੋਲਦੇ ਹੋਏ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਸਾਨੂੰ ਦੀਪ ਸਿੱਧੂ ਦੀ ਜਥੇਬੰਦੀ ਦਾ ਨਹੀਂ ਪਤਾ, ਕੋਈ ਵੀ ਅਪਣੀ ਕਿਸਾਨ ਜਥੇਬੰਦੀ ਬਣਾ ਸਕਦਾ ਹੈ, ਲੇਕਿਨ ਲੋਕਾਂ ਨੂੰ ਦੀਪ ਸਿੱਧੂ ਦਾ ਪਤਾ ਹੈ, ਉਹ ਖੁਦ ਵੀ ਇਸਦਾ ਜਵਾਬ ਦੇਣਗੇ।