ਸੰਗਰੂਰ: ਪਿਛਲੇ ਸਾਲ ਅੱਜ ਦੇ ਦਿਨ ਲੋਕ ਸਭਾ ਵਿੱਚ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ। ਕਿਸਾਨਾਂ ਵੱਲੋਂ ਅੱਜ ਕਾਨੂੰਨਾਂ ਦੀ ਇਸ ਵਰ੍ਹੇਗੰਢ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। 'ਖੇਤੀ ਕਾਨੂੰਨ ਰੱਦ ਕਰੋ' ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਬਾਜਾਰਾਂ ਵਿੱਚੋਂ ਦੀ ਰੋਹ-ਭਰਪੂਰ ਮੁਜ਼ਾਹਰਾ ਕੀਤਾ ਗਿਆ। ਸ਼ਹੀਦ ਭਗਤ ਸਿੰਘ ਚੌਂਕ ਵਿੱਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਤੇ ਪ੍ਰਧਾਨ ਮੰਤਰੀ ਦੀ ਅਰਥੀ ਸਾੜੀ ਗਈ।



ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕੋਲ ਖੇਤੀ ਕਾਨੂੰਨ ਰੱਦ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ। ਬੁਲਾਰਿਆਂ ਨੇ ਅੱਜ 27 ਸਤੰਬਰ ਦੇ ਭਾਰਤ ਬੰਦ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਠੋਸ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ। ਆਗੂਆਂ ਨੇ ਕਿਹਾ ਕਿ  ਉਸ ਦਿਨ ਬੰਦ 6 ਵਜੇ ਸਵੇਰੇ ਤੋਂ 4 ਵਜੇ ਸ਼ਾਮ ਤੱਕ ਰੱਖਿਆ ਜਾਵੇਗਾ। ਇਸ ਅਰਸੇ ਦੌਰਾਨ ਹਰ ਤਰ੍ਹਾਂ ਦੀਆਂ ਸਰਵ-ਜਨਤਕ ਗਤੀਵਿਧੀਆਂ ਬੰਦ ਰਹਿਣਗੀਆਂ ਜਿਸ ਵਿੱਚ ਕੇਂਦਰੀ ਤੇ ਸੂਬਾਈ ਸਰਕਾਰਾਂ, ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਸਾਰੇ ਦਫਤਰ ਵੀ ਸ਼ਾਮਲ ਹਨ।

ਕਿਸਾਨ ਲੀਡਰਾਂ ਨੇ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ ਲੋਕ ਸਭਾ ਵਿੱਚ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ ਜੋ 20 ਸਤੰਬਰ ਨੂੰ ਸਾਰੀਆਂ ਲੋਕਤੰਤਰੀ ਮਰਿਯਾਦਾਵਾਂ ਦੀ ਉਲੰਘਣਾ ਕਰਕੇ ਰਾਜ ਸਭਾ 'ਚੋਂ  ਵੀ ਪਾਸ ਕਰਾ ਲਏ ਗਏ। ਖੇਤੀ ਖੇਤਰ ਉਪਰ ਕੀਤੇ ਇਸ ਵੱਡੇ ਕਾਰਪੋਰੇਟੀ ਹਮਲੇ ਦੀ ਗੰਭੀਰਤਾ ਨੂੰ ਕਿਸਾਨਾਂ ਨੇ 5 ਜੂਨ ਨੂੰ ਜਾਰੀ ਕੀਤੇ ਆਰਡੀਨੈਂਸਾਂ ਵਾਲੇ ਦਿਨ ਤੋਂ ਹੀ ਜਾਣ ਲਿਆ ਸੀ। ਕਰੋਨਾ ਦੇ ਲੌਕਡਾਊਨ ਅਰਸੇ ਦੌਰਾਨ ਆਰਡੀਨੈਂਸ ਜਾਰੀ ਕਰਨ ਦੇ ਸਾਜਿਸ਼ੀ ਢੰਗ ਤੋਂ ਹੀ ਸਰਕਾਰੀ ਬਦਨੀਤੀ ਸਾਫ ਝਲਕਦੀ ਸੀ।


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ