Punjab News: ਤਲਵੰਡੀ ਸਾਬੋ ਵਿੱਚ ਦੋਹਰਾ ਕਤਲ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਦਰਅਸਲ, ਦੇਰ ਰਾਤ ਅੱਧੀ ਦਰਜਨ ਦੇ ਕਰੀਬ ਨਸ਼ੇ 'ਚ ਧੁੱਤ ਬਦਮਾਸ਼ਾਂ ਨੇ ਗੇਟ 'ਤੇ ਬੁਲਾ ਨੌਜਵਾਨ ਨੂੰ ਤੇਜ਼ ਹਥਿਆਰਾਂ ਨਾਲ ਵੱਢ ਦਿੱਤਾ ਤੇ ਉਸ ਨੂੰ ਬਚਾਉਣ ਆਏ ਪਿਤਾ ਦਾ ਵੀ ਕਤਲ ਕਰ ਦਿੱਤਾ ਗਿਆ।  ਇੰਨਾ ਹੀ ਨਹੀਂ ਘਰ 'ਚ ਮੌਜੂਦ ਮਾਂ 'ਤੇ ਵੀ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਹ ਸਾਰਾ ਝਗੜਾ ਇੱਕ ਘਰੇਲੂ ਕੁੱਤੇ ਨੂੰ ਲੈ ਕੇ ਹੋਇਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।



ਘਾਤ ਲਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ


ਮ੍ਰਿਤਕ ਪਿਓ-ਪੁੱਤ ਦੀ ਪਛਾਣ ਮੰਦਰ ਸਿੰਘ (55) ਅਤੇ ਅਮਰੀਕ ਸਿੰਘ (32) ਵਾਸੀ ਜੀਵਨ ਸਿੰਘ ਪਿੰਡ ਤਲਵੰਡੀ ਸਾਬੋ ਵਜੋਂ ਹੋਈ ਹੈ। ਘਟਨਾ ਰਾਤ 9.30 ਵਜੇ ਦੀ ਹੈ। ਪਿੰਡ ਦੇ ਦੋ ਨਸ਼ੇੜੀ ਨੌਜਵਾਨ ਮੰਦਰ ਸਿੰਘ ਦੇ ਘਰ ਦੇ ਬਾਹਰ ਪੁੱਜੇ ਅਤੇ ਉਸ ਦੇ ਲੜਕੇ ਅਮਰੀਕ ਸਿੰਘ ਨੂੰ ਬਾਹਰ ਆਉਣ ਲਈ ਕਿਹਾ। ਦੋਵਾਂ ਮੁਲਜ਼ਮਾਂ ਦੇ ਨਾਲ ਚਾਰ ਹੋਰ ਵੀ ਘਾਤ ਲਾਈ ਬੈਠੇ ਸਨ।  ਜਦੋਂ ਤਿੰਨਾਂ ਵਿਚਾਲੇ ਬਹਿਸ ਹੋ ਗਈ ਤਾਂ ਨਸ਼ੇੜੀ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਮਰੀਕ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਦੇਖ ਕੇ ਮੰਦਰ ਸਿੰਘ ਆਪਣੇ ਪੁੱਤਰ ਨੂੰ ਬਚਾਉਣ ਲਈ ਬਾਹਰ ਨਿਕਲਿਆ ਪਰ ਨਸ਼ੇੜੀ ਨੌਜਵਾਨਾਂ ਨੇ ਉਸ ਨੂੰ ਵੀ ਵੱਢ-ਟੁੱਕ ਕਰ ਦਿੱਤੀ। ਘਟਨਾ ਨੂੰ ਦੇਖ ਕੇ ਮੰਦਰ ਸਿੰਘ ਦੀ ਪਤਨੀ ਦਰਸ਼ਨ ਕੌਰ ਵੀ ਬਾਹਰ ਆ ਗਈ ਪਰ ਮੁਲਜ਼ਮਾਂ ਨੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਦਰਸ਼ਨ ਕੌਰ ਨੂੰ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।



ਕੀ ਹੈ ਪੂਰਾ ਮਾਮਲਾ ?


ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰਾ ਝਗੜਾ ਪਾਲਤੂ ਕੁੱਤੇ ਨੂੰ ਲੈ ਕੇ ਹੋਇਆ। ਦਰਅਸਲ ਅਮਰੀਕ ਸਿੰਘ ਪਿੰਡ ਤੋਂ ਇੱਕ ਕੁੱਤਾ ਘਰ ਲੈ ਕੇ ਆਇਆ ਸੀ। ਉਸ ਨੇ ਸੋਚਿਆ ਕਿ ਕੁੱਤਾ ਆਵਾਰਾ ਹੈ ਪਰ ਇਹ ਕੁੱਤਾ ਦੋਸ਼ੀ ਨੌਜਵਾਨਾਂ ਦਾ ਸੀ। ਗ਼ੁੱਸੇ 'ਚ ਆਏ ਨੌਜਵਾਨ ਰਾਤ ਨੂੰ ਅਮਰੀਕ ਸਿੰਘ ਦੀ ਤਲਾਸ਼ 'ਚ ਉਸ ਦੇ ਘਰ ਪਹੁੰਚੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ।