ਦਰਅਸਲ, ਫ਼ਾਜ਼ਿਲਕਾ ਥਾਣਾ ਸਿਟੀ ਵਿਖੇ ਤਾਇਨਾਤ ਲਵਮੀਤ ਕੌਰ ਨਾਲ ਦਵਿੰਦਰ ਘੁਬਾਇਆ ਦੀ ਕਥਿਤ ਫ਼ੋਨ ਰਿਕਾਰਡਿੰਗ ਵਾਇਰਲ ਹੋ ਰਹੀ ਹੈ। ਇਸ ਰਿਕਾਰਡਿੰਗ ਵਿੱਚ ਘੁਬਾਇਆ ਮਹਿਲਾ ਐਸਐਚਓ ਨਾਲ ਆਪਣੇ ਸਮਰਥਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾ ਰਹੇ ਹਨ ਅਤੇ ਬਹਿਸ ਕਰਦੇ ਹਨ। ਕਥਿਤ ਰਿਕਾਰਡਿੰਗ ਵਿੱਚ ਘੁਬਾਇਆ ਦੀ ਭਾਸ਼ਾ ਦਾ ਪੱਧਰ ਕਾਫੀ ਨੀਵਾਂ ਚਲਾ ਜਾਂਦਾ ਹੈ।
ਇਸ ਸਬੰਧੀ ਥਾਣਾ ਸਿਟੀ ਦੀ ਮੁਖੀ ਲਵਮੀਤ ਕੌਰ ਨੇ ਦੱਸਿਆ ਕਿ ਇਹ ਚਾਰ ਦਿਨ ਪੁਰਾਣਾ ਮਾਮਲਾ ਹੈ। ਮਹਿਲਾ ਅਧਿਕਾਰੀ ਮੁਤਾਬਕ ਉਨ੍ਹਾਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ ਤੇ ਉਹੀ ਅੱਗੇ ਕਾਰਵਾਈ ਕਰਨਗੇ।
ਵਿਧਾਇਕ ਦਵਿੰਦਰ ਘੁਬਾਇਆ ਨੇ ਮੰਨਿਆ ਕਿ ਉਨ੍ਹਾਂ ਦੀ ਉਕਤ ਮਹਿਲਾ ਅਧਿਕਾਰੀ ਨਾਲ ਗੱਲਬਾਤ ਹੋਈ ਸੀ ਅਤੇ ਉਹ ਉਨ੍ਹਾਂ ਨੂੰ ਆਪਣੇ ਸਮਰਥਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਵਰਜਣਾ ਚਾਹੁੰਦੇ ਸੀ। ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਅੱਗੇ ਕਿਹੜੇ ਮੋੜ ਲੈਂਦਾ ਹੈ।