ਫਾਜ਼ਿਲਕਾ: ਅਬੋਹਰ-ਗੰਗਾਨਗਰ ਰੋਡ ਉੱਤੇ ਪਿੰਡ ਖੁਈਆਂ ਸਰਵਰ ਤੇ ਪੰਚਕੋਸ਼ੀ ਵਿੱਚ ਦੋ ਕਾਰਾਂ ਤੇ ਇੱਕ ਮੋਟਰਸਾਈਕਲ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਸ ਘਟਨਾ ਵਿੱਚ ਗੰਗਾਨਗਰ ਨਿਵਾਸੀ ਰਾਜਕੁਮਾਰ ਤੇ ਉਸ ਦੀ ਪਤਨੀ ਰਾਣੀ ਦੀ ਮੌਤ ਹੋ ਗਈ। ਖੁਈਆਂ ਸਰਵਰ ਦੀ ਪੁਲਿਸ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਲਿਆਕੇ ਪੋਸਟਮਾਰਟਮ ਕਰਵਾਇਆ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ।


ਕਾਰ ਚਾਲਕ ਰਾਏ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਨੂੰ ਪਿੱਛੇ ਇੱਕ ਹੋਰ ਕਾਰ ਨੇ ਟੱਕਰ ਮਾਰੀ, ਜਿਸ ਦੇ ਨਾਲ ਪਿਛਲੀ ਕਾਰ ਦਿਸ਼ਾ ਬਦਲ ਕੇ ਸਾਹਮਣੇ ਆਉਂਦੇ ਇੱਕ ਮੋਟਰਸਾਈਕਲ ਨਾਲ ਜਾ ਟਕਰਾਈ। ਮੋਟਰਸਾਈਕਲ 'ਤੇ ਸਵਾਰ ਪਤੀ-ਪਤਨੀ ਵਿੱਚੋਂ ਰਾਣੀ ਦੀ ਮੌਕੇ ਉੱਤੇ ਮੌਤ ਹੋ ਗਈ ਜਦਕਿ ਜਖ਼ਮੀ ਰਾਜਕੁਮਾਰ ਦੀ ਹਸਪਤਾਲ ਜਾਂਦਿਆਂ ਰਸਤੇ ਵਿੱਚ ਮੌਤ ਹੋ ਗਈ।


ਮ੍ਰਿਤਕਾ ਰਾਣੀ ਦੇ ਭਰਾ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਗੰਗਾਨਗਰ ਤੋਂ ਫਾਜ਼ਿਲਕਾ ਦੇ ਪਿੰਡ ਬਾਂਦੀਵਾਲਾ ਵਿੱਚ ਆਪਣੇ ਰਿਸ਼ਤੇਦਾਰਾ ਨੂੰ ਮਿਲਣ ਜਾ ਰਹੇ ਸੀ। ਰਾਹ ਵਿੱਚ ਉਨ੍ਹਾਂ ਦਾ ਐਕਸੀਡੇਂਟ ਹੋ ਗਿਆ ਜਿਸ ਵਿੱਚ ਉਸ ਦੀ ਭੈਣ ਤੇ ਜੀਜੇ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਇਨ੍ਹਾਂ ਦੇ ਦੋ ਛੋਟੇ ਬੱਚੇ ਵੀ ਹਨ।


ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਦੋ ਕਾਰਾਂ ਤੇ ਬਾਈਕ ਦੀ ਟੱਕਰ ਵਿੱਚ ਦੋਵਾਂ ਪਤੀ-ਪਤਨੀ ਦੀ ਮੌਤ ਹੋ ਗਈ। ਕਾਰ ਡ੍ਰਾਈਵਰ ਉੱਤੇ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਏਗੀ।