Bikram majithia on Female professor s suicide Case: ਸੰਘਰਸ਼ਕਾਰੀ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਬਲਵਿੰਦਰ ਕੌਰ ਦੇ ਪਿੰਡ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਅਫ਼ਸੋਸ ਕੀਤਾ। ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਧੀ ਦੀ ਕੁਰਬਾਨੀ ਨੂੰ ਬੇਕਾਰ ਨਹੀਂ ਜਾਣ ਦਿੱਤਾ ਜਾਵੇਗਾ।
ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ...ਅੱਜ ਹਲਕਾ ਰੋਪੜ ਵਿਖੇ ਆਪ ਸਰਕਾਰ ਦੀ ਬੇਰੁਖੀ ਅਤੇ ਅਨਿਆਂ ਦੀ ਭੇਂਟ ਚੜੀ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੇ ਪਿੰਡ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਅਫ਼ਸੋਸ ਕੀਤਾ ਅਤੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਸ਼੍ਰੋਮਣੀ ਅਕਾਲੀ ਦਲ ਵਿਸਵਾਸ਼ ਦਿਵਾਉਂਦਾ ਹੈ ਕਿ ਇਸ ਧੀ ਦੀ ਕੁਰਬਾਨੀ ਨੂੰ ਬੇਕਾਰ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਪੀੜ੍ਹਤ ਪਰਿਵਾਰ ਤੇ 1158 ਸੇਲੈਕਟਡ ਅਸਿਸਟੈਂਟ ਪ੍ਰੋਫੈਸਰਾਂ ਦਾ ਪਾਰਟੀ ਹਰ ਫਰੰਟ 'ਤੇ ਸਾਥ ਦੇਵੇਗੀ।
ਦੱਸ ਦਈਏ ਕਿ ਰੂਪਨਗਰ ਦੀ ਵਸਨੀਕ 35 ਸਾਲਾ ਮਹਿਲਾ ਬਲਵਿੰਦਰ ਕੌਰ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੰਭੀਰਪੁਰ ਪਿੰਡ ਵਿੱਚ ਸਥਿਤ ਰਿਹਾਇਸ਼ ਨੇੜੇ ਦੋ ਮਹੀਨੇ ਤੋਂ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੇ 483 ਮੈਂਬਰਾਂ ਵਿੱਚ ਸ਼ਾਮਲ ਸੀ।
ਪੀੜਤ ਬਲਵਿੰਦਰ ਕੌਰ ਦਾ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਹੈ ਕਿ ਸਿੱਖਿਆ ਮੰਤਰੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ। ਉਹ 3 ਦਸੰਬਰ 2021 ਨੂੰ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਤੋਂ ਬਾਅਦ ਲਗਾਤਾਰ ਔਕੜਾਂ ਦਾ ਸਾਹਮਣਾ ਕਰ ਰਹੀ ਸੀ।