Ferozepur News : ਸੂਬੇ ਅੰਦਰ ਬੇਅਦਬੀ ਦੀਆਂ ਘਟਨਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪੰਜਾਬ 'ਚ ਆਏ ਦਿਨ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਪਿੰਡ ਮਹਾਲਮ ਤੋਂ ਸਾਹਮਣੇ ਆਇਆ ਹੈ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਲਖਵੀਰ ਸਿੰਘ ਮਹਾਲਮ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਚੱਲਿਆ ਕਿ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਖਾਲੀ ਥਾਂ 'ਤੇ ਗੁਟਕਾ ਸਾਹਿਬ ਪਿਆ ਹੈ। ਜਿਸ ਤੋਂ ਬਾਅਦ ਜਦੋਂ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਇੱਕ ਗੰਦਗੀ ਭਰੀ ਥਾਂ 'ਤੇ ਗੁਟਕਾ ਸਾਹਿਬ ਲਪੇਟ ਕੇ ਰੱਖਿਆ ਹੋਇਆ ਸੀ ,ਜਿਸ ਨੂੰ ਉਨ੍ਹਾਂ ਮਰਿਆਦਾ ਅਨੁਸਾਰ ਚੁੱਕ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਲਿਆਂਦਾ ਅਤੇ ਪੁਲਿਸ ਸੂਚਿਤ ਕੀਤਾ।
ਇਸ ਤੋਂ ਪਹਿਲਾਂ ਬਠਿੰਡਾ ਜ਼ਿਲੇ ਦੇ ਪਿੰਡ ਦੁਲੇਵਾਲਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਵਾਪਰੀ ਸੀ। ਕਿਸੇ ਸ਼ਰਾਰਤੀ ਅਨਸਰ ਵੱਲੋਂ ਸਰਕਾਰੀ ਸਕੂਲ ਦੇ ਨੇੜੇ ਅੰਗਾਂ ਨੂੰ ਪਾੜ ਦਿੱਤਾ ਗਿਆ। ਉਥੋਂ ਦੀ ਲੰਘ ਰਹੇ ਕਿਸੇ ਵਿਅਕਤੀ ਦਾ ਧਿਆਨ ਗੁਟਕਾ ਸਾਹਿਬ ਦੇ ਖਿਲਰੇ ਹੋਏ ਅੰਗਾਂ ਉਪਰ ਪਿਆ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਦਿੱਤੀ।
ਇਸ ਤੋਂ ਇਲਾਵਾ ਪਿਛਲੇ ਮਹੀਨੇ ਤਰਨਤਾਰਨ ਦੇ ਪਿੰਡ ਸਿੱਧਵਾਂ ਵਿਖੇ ਇਤਿਹਾਸਕ ਗੁਰਦੁਆਰਾ ਬਾਬਾ ਜੇਠਾ ਜੀ ਦੇ ਬਾਹਰਵਾਰ ਗਰਾਉਂਡ ਵਿੱਚੋ ਗੁਰਬਾਣੀ ਦੇ ਖੰਡਿਤ ਅੰਗ ਮਿਲੇ ਸਨ। ਇਹ ਮਾਮਲਾ ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਉਦੋਕੇ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਜਦੋਂ ਅਨਾਊਂਸਮੈਂਟ ਕੀਤੀ ਗਈ ਤਾਂ ਖੰਡਿਤ ਹੋਏ ਗੁਟਕਾ ਸਾਹਿਬ ਗੁਰੂ ਘਰ ਦੇ ਅੰਦਰੋਂ ਮਿਲੇ ਸਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।