ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ( Guru Nanak Dev Hospital ) ‘ਚ ਅੱਜ ਦੁਪਹਿਰ ਵੇਲੇ ਭਿਆਨਕ ਅੱਗ ਲੱਗ ਗਈ ਹੈ। ਇਸ ਕਾਰਨ ਹਸਪਤਾਲ ਅੰਦਰ ਮਰੀਜ਼ਾਂ ‘ਚ ਹਫ਼ੜਾ-ਦਫ਼ੜੀ ਮਚ ਗਈ ਪਰ ਪ੍ਰਬੰਧਕੀ ਅਮਲੇ ਵੱਲੋਂ ਸਾਰੇ ਲੋਕਾਂ ਨੂੰ ਸੁਰੱਖਿਅਤ ਇਮਾਰਤ ਵਿਚੋਂ ਕੱਢ ਲਿਆ ਗਿਆ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।


ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹਸਪਤਾਲ ‘ਚ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਲੀਕ ਹੋਏ ਤੇਲ ਕਾਰਨ ਵਾਪਰਿਆ ਹੈ। ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੌਕੇ 'ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਹੈ। ਉਨਾਂ ਅੱਗ ਨਾਲ ਪ੍ਰਭਾਵਿਤ ਹੋਏ ਲੋਕਾਂ ਦਾ ਹਾਲ-ਚਾਲ ਪੁੱਛਿਆ ਤੇ ਅੱਗ ਬੁਝਾਉਣ ਵਿਚ ਲੱਗੇ ਅੱਗ ਬੁਝਾਊ ਦਸਤੇ ਦੀ ਹੌਸਲਾ ਅਫਜਾਈ ਕੀਤੀ ਹੈ। 


ਕੈਬਨਿਟ ਮੰਤਰੀ  ਈ.ਟੀ.ਓ ਨੇ ਕਿਹਾ ਕਿ ਇਸ ਘਟਨਾ ਲਈ ਜਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਬਖਸ਼ੇ ਨਹੀਂ ਜਾਣਗੇ। ਉਨਾਂ ਕਿਹਾ ਕਿ ਭਾਵੇਂ ਇਹ ਅੱਗ ਬਿਜਲੀ ਦੇ ਪੁਰਾਣੇ ਟਰਾਂਸਫਾਰਮ ਤੋਂ ਲੀਕ ਹੋਏ ਤੇਲ ਨਾਲ ਲੱਗੀ ਹੋਣ ਦਾ ਖਦਸ਼ਾ ਹੈ ਪਰ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਜਿੱਥੇ ਹਜ਼ਾਰਾਂ ਲੋਕਾਂ ਦਾ ਰੋਜ਼ਾਨਾ ਇਲਾਜ ਕਰਦਾ ਹੈ, ਉਥੇ ਇਸ ਮੈਡੀਕਲ ਕਾਲਜ ਵਿਚ ਸਾਡੇ ਭਵਿੱਖ ਦੇ ਡਾਕਟਰ ਪੜਾਈ ਕਰ ਰਹੇ ਹਨ।


ਉਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅੱਗ ਬੁਝਣ ਤੋਂ ਬਾਅਦ ਹਸਪਤਾਲ ਦੀ ਬਿਜਲੀ ਸਪਲਾਈ ਆਮ ਵਾਂਗ ਚਾਲੂ ਕਰਨ ਦੀ ਹਦਾਇਤ ਵੀ ਕੀਤੀ। ਅਧਿਕਾਰੀਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਕੈਬਨਿਟ ਮੰਤਰੀ ਨੇ ਕਿਹਾ ਕਿ ਹਸਪਤਾਲ ਦੀ ਬਿਜਲੀ ਲੋੜ ਪੂਰੀ ਕਰਨ ਲਈ ਛੇਤੀ ਹੀ ਇਥੇ ‘ਕੰਪੈਕਸ ਸਬ ਸਟੇਸ਼ਨ’ ਲਗਾਇਆ ਜਾਵੇ।


ਦੱਸ ਦੇਈਏ ਕਿ ਅੱਜ ਅੰਮ੍ਰਿਤਸਰ ਦੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੀ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ ਹੈ। ਰਾਹਤ ਦੀ ਗੱਲ ਹੈ ਕਿ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਸਮੇਂ ਰਹਿੰਦਿਆਂ ਅੱਗ ਉਤੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।