ਅੱਗ ਬੁਝਾਉਣ ਆਏ 8 ਗੁਆਂਢੀ ਸਲੰਡਰ ਧਮਾਕੇ ਦੀ ਲਪੇਟ 'ਚ ਆਏ
ਏਬੀਪੀ ਸਾਂਝਾ | 30 Jun 2018 12:11 PM (IST)
ਸੰਕੇਤਕ ਤਸਵੀਰ
ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਭੋਮਾ ਵਿੱਚ ਉਸ ਸਮੇਂ ਇੱਕ ਦਰਦਨਾਕ ਹਾਦਸਾ ਹੋਇਆ ਜਦ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਰੱਖੇ ਗੈਸ ਸਲੰਡਰ ਵਿੱਚ ਧਮਾਕਾ ਹੋ ਗਿਆ, ਜਿਸ ਵਿੱਚ ਮਦਦ ਕਰਨ ਆਏ ਅੱਠ ਲੋਕ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਤਕਰੀਬਨ ਢਾਈ ਵਜੇ ਅੱਗ ਲੱਗਣ ਸਮੇਂ ਘਰ ਵਿੱਚ ਰਹਿਣ ਵਾਲੇ ਲੋਕ ਕਿਤੇ ਬਾਹਰ ਗਏ ਹੋਏ ਸਨ ਤੇ ਪਿੰਡ ਦੇ ਲੋਕ ਅੱਗ ਬੁਝਾਉਣ ਅੱਗੇ ਆਏ। ਪਰ ਉਸੇ ਸਮੇਂ ਰਸੋਈ ਗੈਸ ਦਾ ਸਲੰਡਰ ਫਟ ਗਿਆ ਤੇ ਅੱਗ ਬੁਝਾ ਰਹੇ ਅੱਠ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਧਮਾਕੇ ਵਿੱਚ ਗੰਭੀਰ ਜ਼ਖ਼ਮੀ ਹੋਏ ਇਨ੍ਹਾਂ ਅੱਠ ਨੌਜਵਾਨਾਂ ਨੂੰ ਘੁਮਾਣ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਚਾਰਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ। ਉੱਧਰ ਘਰ ਦੀ ਮਾਲਕੜ ਰੋਬਿਨ ਨੇ ਦੋਸ਼ ਲਾਇਆ ਕਿ ਉਸ ਦੇ ਘਰ ਨੂੰ ਕਿਸੇ ਨੇ ਜਾਣਬੁੱਝ ਕੇ ਅੱਗ ਦੇ ਹਵਾਲੇ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਸਕੂਲਾਂ ਵਿੱਚ ਛੁੱਟੀਆਂ ਕਾਰਨ ਆਪਣੇ ਪੇਕੇ ਗਈ ਹੋਈ ਸੀ। ਘਰ ਦਾ ਸਾਰਾ ਸਮਾਨ ਅੱਗ ਕਾਰਨ ਸੜ ਕੇ ਸੁਆਹ ਹੋ ਗਿਆ। ਲੋਕਾਂ ਨੇ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਇਆ। ਮੌਕੇ 'ਤੇ ਪੁਲਿਸ ਵੀ ਪਹੁੰਚੀ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਆਰੰਭ ਦਿੱਤੀ ਹੈ।