Punjab News: ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 40ਵੀਂ ਬਰਸੀ ਮਨਾਈ ਗਈ, ਜਿਸ ਮੌਕੇ ਇੱਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬਰਸੀ ਦੇ ਸਮਾਗਮ ਵਿੱਚ ਸਟੇਜ ਦੇ ਕੋਲ ਅੱਗ ਲੱਗ ਗਈ। ਇਸ ਦੌਰਾਨ ਹੜਕੰਪ ਮੱਚ ਗਿਆ।

ਇਸ ਮੌਕੇ ਸ਼੍ਰੋਮਣੀ. ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਨੇ ਲੌਂਗੋਵਾਲ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ। ਉੱਥੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਕੇ ਸੰਤ ਲੌਂਗੋਵਾਲ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਸੁਖਬੀਰ ਬਾਦਲ ਨੇ ਕਿਹਾ ਕਿ ਆਪਣੀ ਖੇਤਰੀ ਪਾਰਟੀ ਪ੍ਰਤੀ ਪੰਜਾਬੀਆਂ ਦੇ ਉਤਸ਼ਾਹ ਨੇ ਅੱਜ ਇਹ ਵੀ ਸਾਬਤ ਕਰ ਦਿੱਤਾ ਕਿ ਉਹ 2027 ਲਈ ਹਿੱਕ ਡਾਹ ਕੇ ਆਪਣੀ ਖੇਤਰੀ ਪਾਰਟੀ ਦੇ ਪੱਖ ਵਿੱਚ ਨਿੱਤਰ ਆਏ ਹਨ। ਸੁਖਬੀਰ ਸਿੰਘ ਬਾਦਲ ਨੇ ਅੱਜ ਦੇ ਸਮਾਗਮ ਵਿੱਚ ਪਹੁੰਚੇ ਸਮੂਹ ਪੰਜਾਬੀਆਂ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਵਿਰੋਧੀਆਂ ਦੇ ਮੂੰਹ 'ਤੇ ਚਪੇੜ ਹੈ ਜੋ ਪੰਥ ਦੇ ਨਾਮ 'ਤੇ ਸੰਗਤ ਨੂੰ ਗੁਮਰਾਹ ਕਰ ਭਰਮ ਭੁਲੇਖੇ ਖੜ੍ਹੇ ਕਰ ਰਹੇ ਸਨ।