ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਪਿੰਡ ਜੌਲੀਆਂ ਵਿਖੇ ਅੱਜ ਸਵੇਰੇ ਇੱਕ ਔਰਤ ਵੱਲੋਂ ਗੁਰੂ ਘਰ ਅੰਦਰ ਦਰਬਾਰ ਸਾਹਿਬ ਨੂੰ ਅੱਗ ਲਗਾ ਦਿੱਤੀ ਗਈ।ਜਿਸ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ ਅਤੇ ਹੋਰ ਸਮਾਨ ਵੀ ਸੜ੍ਹ ਕੇ ਸੁਆਹ ਹੋ ਗਿਆ।


ਇਸ ਘਟਨਾ ਦੇ ਵਿਰੋਧ 'ਚ ਜਾਂਚ ਦੀ ਮੰਗ ਕਰਦੇ ਹੋਏ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੇ  ਭਵਾਨੀਗੜ੍ਹ ‘ਚ ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ। ਸਿੱਖ ਬੀਬੀਆਂ ਨੇ ਸ਼ਾਂਤੀਪੂਰਵਕ ਸੜਕ ਉੱਤੇ ਬੈਠਕੇ ਵਹਿਗੁਰੂ-ਵਹਿਗੁਰੂ ਦਾ ਜਾਪ ਕੀਤਾ।


ਉਧਰ ਅੱਗ ਲੱਗਣ ਮਗਰੋਂ ਪਿੰਡ ਦੇ ਨੌਜਵਾਨਾਂ ਨੇ ਅੱਗ ਤੇ ਕਾਬੂ ਪਾਇਆ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਅੱਗ ਲਗਾਉਣ ਵਾਲੀ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਪਿੰਡ ਦੇ ਲੋਕਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਇਸ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ।ਪੰਥਕ ਆਗੂਆਂ ਨੇ ਕਿਹਾ ਕਿ ਜੋ ਸਰੂਪ ਅਗਨ ਭੇਂਟ ਹੋਏ ਹਨ ਉਹ ਵਾਪਸ ਲਿਆਂਦੇ ਜਾਣ। 


ਇਸ ਮੁੱਦੇ ‘ਤੇ ਡੀ. ਐਸ. ਪੀ. ਸੁਖਰਾਜ ਸਿੰਘ ਘੁੰਮਣ ਨੇ ਕਿਹਾ ਕੀ "ਅੱਜ ਸਵੇਰੇ ਤਕਰੀਬਨ 11:00 ਵਜੇ ਸਾਨੂੰ ਇਹ ਘਟਨਾ ਦੱਸੀ ਗਈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉੱਥੇ ਜਾਕੇ ਘਟਨਾ ਦੀ ਜਾਂਚ ਕਰਨ  ਦੇ ਬਾਅਦ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।