Chandigarh News: ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਪੂਲ ਪਾਰਟੀ ਦੌਰਾਨ ਫਾਇਰਿੰਗ ਹੋਈ ਹੈ। ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਕਰਨ ਵਿੱਚ ਕੁੱਲ ਅੱਠ ਲੋਕ ਸ਼ਾਮਲ ਸਨ। ਅੱਠ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀ ਚਾਰ ਦੀ ਭਾਲ ਜਾਰੀ ਹੈ।



ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸਨ। ਨੌਜਵਾਨ ਨਸ਼ੇ ਦੀ ਹਾਲਤ ਵਿੱਚ ਡੀਜੇ ’ਤੇ ਗੀਤ ਚਲਾ ਕੇ ਨੱਚ ਰਹੇ ਸਨ। ਇਸ ਦੇ ਨਾਲ ਹੀ ਲੜਕੀਆਂ 'ਤੇ ਨੋਟ ਸੁੱਟ ਰਹੇ ਨੌਜਵਾਨਾਂ ਵਿਚਾਲੇ ਤਕਰਾਰ ਹੋ ਗਈ। ਇਸ ਬਹਿਸ ਦੌਰਾਨ ਗੋਲੀ ਚੱਲ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਰਾਤ 2:30 ਵਜੇ ਦੀ ਹੈ। ਪੁਲਿਸ ਮੁਤਾਬਕ ਕੁੱਲ 5 ਫਾਇਰ ਕੀਤੇ ਗਏ। ਇੱਕ ਨੌਜਵਾਨ ਦੀ ਲੱਤ ਵਿੱਚ ਗੋਲੀ ਲੱਗੀ ਹੈ।


ਹਾਸਲ ਜਾਣਕਾਰੀ ਮੁਤਾਬਕ ਬੀਤੀ ਰਾਤ ਜ਼ੀਰਕਪੁਰ 'ਚ ਪੂਲ ਪਾਰਟੀ ਦੌਰਾਨ ਇੱਕ ਅਣਪਛਾਤੇ ਨੌਜਵਾਨ ਨੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਹਮਲਾਵਰ ਨੇ ਆਪਣੀ ਪਿਸਤੌਲ ਤੋਂ ਇਕ ਤੋਂ ਬਾਅਦ ਇੱਕ ਕਈ ਰਾਉਂਡ ਫਾਇਰ ਕੀਤੇ। ਇੱਕ ਗੋਲੀ ਪਾਰਟੀ ਵਿੱਚ ਮੌਜੂਦ ਨੌਜਵਾਨਾਂ ਦੀ ਲੱਤ ਵਿੱਚ ਲੱਗੀ। ਦੂਜੀ ਗੋਲੀ ਕਿਸੇ ਹੋਰ ਵਿਅਕਤੀ ਦੇ ਹੱਥ ਨੂੰ ਛੂਹਣ ਤੋਂ ਬਾਅਦ ਨਿਕਲੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ।



ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਕੁਝ ਦੇਰ ਬਾਅਦ ਰਾਜਸਥਾਨ ਦੇ ਰਹਿਣ ਵਾਲੇ ਕਰਨ ਚੌਹਾਨ, ਜਿਸ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ, ਨੂੰ ਚੰਡੀਗੜ੍ਹ ਦੇ ਜੀਐਮਸੀਐਚ-32 ਵਿੱਚ ਲਿਜਾਇਆ ਗਿਆ। ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਦਕਿ ਦੂਜੇ ਵਿਅਕਤੀ ਦੀ ਹਾਲਤ ਵੀ ਖਤਰੇ ਤੋਂ ਬਾਹਰ ਹੈ। ਨੇੜੇ ਦੇ ਸ਼ੀਸ਼ੇ ਤੇ ਮੇਜ਼ ਵੀ ਗੋਲੀਆਂ ਨਾਲ ਟੁੱਟੇ ਹੋਏ ਮਿਲੇ। 


ਪੂਲ ਪਾਰਟੀ ਵਿੱਚ ਪੁੱਜੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਭੈਣ, ਜੀਜੇ ਤੇ ਉਨ੍ਹਾਂ ਦੇ ਬੱਚਿਆਂ ਤੇ ਆਪਣੀ ਮੰਗੇਤਰ ਨਾਲ ਪੂਲ ਪਾਰਟੀ ਵਿੱਚ ਪਹੁੰਚਿਆ ਸੀ। ਪਾਰਟੀ 'ਚ ਮੌਜੂਦ ਇੱਕ ਨੌਜਵਾਨ ਨੇ ਮੰਗੇਤਰ ਦੇ ਆਲੇ-ਦੁਆਲੇ ਨੋਟ ਸੁੱਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੁਲਜ਼ਮਾਂ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।


ਇਸ ਤਕਰਾਰ ਤੋਂ ਬਾਅਦ ਮੁਲਜ਼ਮਾਂ ਨੇ ਫਾਇਰ ਕਰ ਦਿੱਤਾ। ਦੂਜਾ ਫਾਇਰ ਪੀੜਤਾ ਦੇ ਨਾਲ ਮੌਜੂਦ ਇੱਕ ਹੋਰ ਵਿਅਕਤੀ ਦੇ ਹੱਥ ਵਿੱਚ ਲੱਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਤੀਜੀ ਗੋਲੀ ਉਨ੍ਹਾਂ ਦੇ ਇੱਕ ਮੁਲਾਜ਼ਮ ਦੀ ਲੱਤ ਵਿੱਚ ਮਾਰੀ। ਇਸ ਦੌਰਾਨ ਸਾਰਿਆਂ ਨੇ ਲੁਕ ਕੇ ਆਪਣੀ ਜਾਨ ਬਚਾਈ।