Amritsar News: ਅੰਮ੍ਰਿਤਸਰ ਵਿੱਚ ਅੱਜ ਯਾਨੀ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਇੱਕ ਡਾਕਟਰ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਬਦਮਾਸ਼ ਮਰੀਜ਼ ਬਣ ਕੇ ਡਾਕਟਰ ਕੋਲ ਆਏ ਸਨ। ਜਾਣਕਾਰੀ ਅਨੁਸਾਰ, ਡਾਕਟਰ ਆਪਣੇ ਕਲੀਨਿਕ ਵਿੱਚ ਮੌਜੂਦ ਸੀ, ਜਦੋਂ ਦੋ ਨੌਜਵਾਨ ਦਵਾਈ ਲੈਣ ਦੇ ਬਹਾਨੇ ਅੰਦਰ ਦਾਖਲ ਹੋਏ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਅੰਨ੍ਹੇਵਾਹ ਗੋਲੀਆਂ ਚਲਾਉਣ ਲੱਗ ਪਏ।
ਗੋਲੀ ਲੱਗਣ ਕਰਕੇ ਡਾਕਟਰ ਕੁਲਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਘਟਨਾ ਅਜਨਾਲਾ ਦੇ ਪਿੰਡ ਸੁਧਾਰ ਵਿੱਚ ਵਾਪਰੀ, ਜਿੱਥੇ ਡਾਕਟਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੂੰ ਪਹਿਲਾਂ ਹੀ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ। ਕੁਝ ਸਮਾਂ ਪਹਿਲਾਂ ਵੀ ਹਮਲਾਵਰਾਂ ਨੇ ਉਨ੍ਹਾਂ ਦੇ ਹਸਪਤਾਲ ਦੇ ਬਾਹਰ ਗੋਲੀਆਂ ਚਲਾਈਆਂ ਸਨ ਅਤੇ ਫਿਰੌਤੀ ਮੰਗੀ ਸੀ। ਅੱਜ ਦੀ ਘਟਨਾ ਨੂੰ ਵੀ ਇਸੇ ਸਾਜ਼ਿਸ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਹਸਪਤਾਲ ਦੇ ਸੀਸੀਟੀਵੀ ਫੁਟੇਜ ਵਿੱਚ ਇਹ ਘਟਨਾ ਸਾਫ਼ ਦਿਖਾਈ ਦੇ ਰਹੀ ਹੈ ਕਿ ਦੋ ਨੌਜਵਾਨ ਦਵਾਈ ਮੰਗਣ ਦੇ ਬਹਾਨੇ ਅੰਦਰ ਆਏ ਅਤੇ ਫਿਰ ਪਿਸਤੌਲ ਕੱਢ ਕੇ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤੀਆਂ।
ਦੋ ਨੌਜਵਾਨਾਂ ਨੇ ਕਲੀਨਿਕ ਵਿੱਚ ਆ ਕੇ ਅਚਾਨਕ ਗੋਲੀਆਂ ਚਲਾਉਣੀਆਂ ਕੀਤੀਆਂ ਸ਼ੁਰੂ
ਡਾਕਟਰ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ ਘਟਨਾ ਵੇਲੇ ਡਾਕਟਰ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ। ਦੋ ਨੌਜਵਾਨ ਦਵਾਈ ਲੈਣ ਆਏ ਅਤੇ ਅਚਾਨਕ ਉਨ੍ਹਾਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ਵਿੱਚ ਡਾਕਟਰ ਗੋਲੀਆਂ ਲੱਗਣ ਕਰਕੇ ਜ਼ਖਮੀ ਹੋ ਗਿਆ ਹੈ। ਉਸ ਦੇ ਕਰੀਬੀ ਲੋਕਾਂ ਦਾ ਕਹਿਣਾ ਹੈ ਕਿ ਡਾਕਟਰ ਨੂੰ ਪਹਿਲਾਂ ਵੀ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਹਮਲਾਵਰ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਦੋ ਮਹੀਨੇ ਪਹਿਲਾਂ ਵੀ ਡਾਕਟਰ ਕੁਲਵਿੰਦਰ ਸਿੰਘ ਦੇ ਭੰਗੂ ਹਸਪਤਾਲ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਤੋਂ ਬਾਅਦ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਡਾਕਟਰ ਦੀ ਸੁਰੱਖਿਆ ਲਈ ਇੱਕ ਗੰਨਮੈਨ ਵੀ ਮੁਹੱਈਆ ਕਰਵਾਇਆ ਸੀ। ਪਰ ਅੱਜ ਜਦੋਂ ਇਹ ਘਟਨਾ ਵਾਪਰੀ ਤਾਂ ਗੰਨਮੈਨ ਡਿਊਟੀ 'ਤੇ ਨਹੀਂ ਸੀ। ਹੁਣ ਪੁਲਿਸ ਗੰਨਮੈਨ ਦੀ ਡਿਊਟੀ ਬਾਰੇ ਵੀ ਜਾਂਚ ਕਰ ਰਹੀ ਹੈ।
ਰਾਮਦਾਸ ਥਾਣੇ ਦੇ ਇੰਚਾਰਜ ਅਜੈਪਾਲ ਸਿੰਘ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੋਲੀ ਚਲਾਉਣ ਵਾਲੇ ਦੋ ਨੌਜਵਾਨਾਂ ਦੀ ਭਾਲ ਜਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਚਾਰ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਪੁਲਿਸ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।