ਫ਼ਿਰੋਜ਼ਪੁਰ: ਹੜ੍ਹਾਂ ਨਾਲ ਸਬੰਧਤ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਨ ਵਾਲਾ ਫ਼ਿਰੋਜ਼ਪੁਰ ਪ੍ਰਸ਼ਾਸਨ ਅੱਜ ਉਸ ਵੇਲੇ ਜਾਗਿਆ ਜਦੋਂ ਦਰਜਨਾਂ ਪਿੰਡਾਂ ਨੂੰ ਭਾਰਤ ਨਾਲ ਜੋੜਦੇ ਬੰਨ੍ਹ ਦੇ ਨੱਕ ਤੱਕ ਪਾਣੀ ਆਣ ਅੱਪੜਿਆ। ਕੁਝ ਦਿਨਾਂ ਤੋਂ ਪਾਣੀ ਨੇ ਦਰਿਆਈ ਇਲਾਕੇ ਵਿੱਚ ਕਾਫੀ ਕਹਿਰ ਮਚਾਇਆ ਹੈ ਪਰ ਫ਼ਿਰੋਜ਼ਪੁਰ ਪ੍ਰਸ਼ਾਸਨ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਦਿਆਂ ਮੁਆਇਨਾ ਕਰਨ ਦੇ ਬਿਆਨ ਦਾਗ ਰਿਹਾ ਸੀ।


ਪਿੰਡਾਂ ਦੇ ਕਿਸਾਨਾਂ ਦੀ ਕਹਿਣੀ ਉਦੋਂ ਜੱਗ ਜ਼ਾਹਿਰ ਹੋਈ ਜਦੋਂ ਭਾਰਤ ਦੇ ਅਖੀਰਲੇ ਪਿੰਡਾਂ ਨੂੰ ਜੋੜਦੇ ਕਮਜ਼ੋਰ ਬੰਨ੍ਹ ਨਾਲ ਲੱਗੇ ਪਾਣੀ ਦਾ ਹੱਲ ਕਰਨ ਲਈ ਪ੍ਰਸ਼ਾਸਨ ਨੇ ਕਾਰਵਾਈ ਆਰੰਭੀ। ਕਈ ਦਿਨਾਂ ਤੋਂ ਪ੍ਰਸ਼ਾਸਨ ਕੋਲ ਇਸ ਕਮਜ਼ੋਰ ਬੰਨ੍ਹ ਦੀ ਗੁਹਾਰ ਲਗਾਉਣ ਵਾਲੇ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਹੁਣ ਬੰਨ੍ਹ ਨੂੰ ਟੁੱਟਦਾ ਦੇਖ ਪ੍ਰਸ਼ਾਸਨ ਦਾ ਚੁੱਕਿਆ ਇਹ ਕਦਮ ਸ਼ਾਇਦ ਹੀ ਕਾਰਗਰ ਸਿੱਧ ਹੋਵੇ।


ਕਰੀਬ ਇੱਕ ਮਹੀਨੇ ਤੋਂ ਪਾਣੀ-ਪਾਣੀ ਕਰਦੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਭਾਵੇਂ ਸਾਰੇ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਕੀਤੇ ਗਏ, ਪਰ ਅੱਜ ਦਰਜਨਾਂ ਪਿੰਡਾਂ ਨੂੰ ਭਾਰਤ ਨਾਲ ਜੋੜਦੇ ਪਾਕਿ ਸਰਹੱਦ ’ਤੇ ਬੈਠੇ ਪਿੰਡਾਂ ਦੇ ਕਮਜ਼ੋਰ ਬੰਨ੍ਹ ਦੀ ਸਾਰ ਉਦੋਂ ਪ੍ਰਸ਼ਾਸਨ ਨੇ ਲਈ ਜਦੋਂ ਪਾਣੀ ਬੰਨ੍ਹ ਨੂੰ ਆਪਣੇ ਕਲਾਵੇਂ ਵਿਚ ਲੈਂਦਾ ਨਜ਼ਰੀ ਪਿਆ।


ਪਾਕਿ ਸਰਹੱਦ ਨਾਲ ਲੱਗਦੇ ਦਰਜਨਾਂ ਪਿੰਡਾਂ ਨੇ ਆਪਣੇ-ਆਪ ਨੂੰ ਭਾਰਤ ਨਾਲ ਜੋੜਦੇ ਟੇਂਡੀ ਵਾਲਾ ਬੰਨ੍ਹ ਦੀ ਮਜ਼ਬੂਤੀ ਲਈ ਗੁਹਾਰ ਲਗਾਈ ਸੀ, ਪਰ ਅਖਬਾਰੀ ਬਿਆਨਾਂ ਵਿੱਚ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਪਰ ਅੱਜ ਦਾਅਵੇ ਗ਼ਲਤ ਸਾਬਿਤ ਹੋਏ ਜਦੋਂ ਬੰਨ੍ਹ ’ਤੇ ਭਾਰੂ ਪੈਂਦੇ ਪਾਣੀ ਨੂੰ ਦੇਖ ਮੌਕੇ ’ਤੇ ਡਿਪਟੀ ਕਮਿਸ਼ਨਰ ਤੇ ਸੀਨੀਅਰ ਕਪਤਾਨ ਪੁਲਿਸ ਜਾਇਜ਼ਾ ਲੈਣ ਪਹੁੰਚੇ।


ਉੱਧਰ ਪਾਕਿਸਤਾਨ ਵੱਲੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦੇ ਬੰਨ੍ਹ ਦਾ ਵੱਡਾ ਹਿੱਸਾ ਵਹਿ ਜਾਣ ਕਰਕੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡ ਹੜ੍ਹਾਂ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ। ਸਾਵਧਾਨੀ ਵਜੋਂ ਐਨਡੀਆਰਐਫ ਤੇ ਫੌਜ ਦੀਆਂ ਟੀਮਾਂ ਤਾਇਨਾਤ ਤਕ ਦਿੱਤੀਆਂ ਗਈਆਂ ਹਨ।