Akali Sudhar Lehar:  ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਅੱਜ ਫਰੀਦਕੋਟ ਵਿੱਚ ਪਲੇਠੀ ਮੀਟਿੰਗ ਕਰਦਿਆਂ ਇਸ ਗੱਲ ਤੇ ਸੰਤੁਸ਼ਟੀ ਜਾਹਿਰ ਕੀਤੀ ਕਿ ਜਿਸ ਮਕਸਦ ਪੰਥ ਅਤੇ ਅਕਾਲੀ ਦਲ ਦੀ ਚੜਦੀ ਕਲਾ ਲਈ ਓਹਨਾ ਨੇ ਪਿਛਲੇ ਦਿਨੀਂ ਹੰਭਲਾ ਮਾਰਿਆ ਸੀ ਉਸ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। 


ਅੱਜ ਪਲੇਠੀ ਮੀਟਿੰਗ ਵਿੱਚ ਆਏ ਸੁਧਾਰ ਲਹਿਰ ਦੇ ਆਗੂਆਂ ਨੇ ਜਿੱਥੇ ਵਰਕਰਾਂ ਤੋਂ ਆਉਣ ਵਾਲੇ ਸਮੇਂ ਵਿੱਚ ਬਣਨ ਵਾਲੀ ਰਣਨੀਤੀ ਲਈ ਸੁਝਾਅ ਮੰਗੇ ਉਥੇ ਹੀ ਪਿਛਲੇ ਦਿਨਾਂ ਵਿੱਚ ਹੋਏ ਕਾਰਜਾਂ ਦੀ ਫੀਡ ਬੈਕ ਵੀ ਲਈ ਤਾਂ ਜੋ ਭਵਿੱਖ ਦੀ ਰਣਨੀਤੀ ਘੜਨ ਵੇਲੇ ਉਸਾਰੂ ਰਸਤਾ ਅਖਤਿਆਰ ਕੀਤਾ ਜਾ ਸਕੇ।


ਇਸ ਮੌਕੇ ਸੁਧਾਰ ਲਹਿਰ ਦੇ ਕਨਵੀਨਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਮੌਜੂਦਾ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਪਿਛਲੇ ਦਿਨੀਂ ਪਾਏ ਗਏ ਵਿੱਤੀ ਬੋਝ ਨੇ ਆਮ ਆਦਮੀ ਪਾਰਟੀ ਦੇ ਜੇਬ ਤੇ ਵੱਡਾ ਡਾਕਾ ਮਾਰਿਆ ਹੈ। 


ਇਸ ਤੋਂ ਇਲਾਵਾ ਓਹਨਾ ਨੇ ਸੂਬਾ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਸਰਕਾਰ ਦੀ ਇਹ ਨਲਾਇਕੀ ਰਹੀ ਕਿ ਦੋਸ਼ੀਆਂ ਦੀਆਂ ਅਪੀਲਾਂ ਤੇ ਬਰਗਾੜੀ ਬੇਅਦਬੀ ਦੇ ਮਾਮਲੇ ਫਰੀਦਕੋਟ ਜਿਲਾ ਅਦਾਲਤ ਤੋਂ ਟਰਾਂਸਫਰ ਹੋਕੇ ਚੰਡੀਗੜ ਸ਼ਿਫਟ ਹੋ ਗਏ ਜਿਸ ਨਾਲ ਹੁਣ ਗਵਾਹੀਆਂ ਦੇਣ ਵਾਲੇ ਅਤੇ ਇਨ੍ਹਾਂ ਮਾਮਲਿਆਂ ਵਿੱਚ ਇਨਸਾਫ਼ ਮੰਗ ਰਹੀ ਸੰਗਤ ਦੇ ਵਕੀਲਾਂ ਨੂੰ ਚੰਡੀਗੜ ਜਾਣਾ ਪਵੇਗਾ।


ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਐਸਜੀਪੀਸੀ ਲਈ ਵੋਟ ਜਰੂਰ ਬਣਾਉਣ ਤਾਂ ਜੋ ਸੰਗਤ ਦੀ ਵੋਟ ਰਾਹੀਂ ਚੁਣੇ ਜਾਣ ਵਾਲੇ ਨੁੰਮਾਇਦੇ ਪੰਥ ਪ੍ਰਸਤੀਆਂ ਦੇ ਰੂਪ ਵਿੱਚ ਕੌਮ ਨੂੰ ਮਿਲਣ ਨਾ ਕਿ ਕਿਸੇ ਪਰਵਾਰ ਦੀ ਜੀ ਹਜ਼ੂਰੀ ਵਾਲੇ ਹੋਣ। ਇਸ ਮੌਕੇ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਕਮੇਟੀ ਵਿੱਚ ਜਰੂਰੀ ਸੁਧਾਰਾਂ ਦੀ ਪੁਰਜੋਰ ਮੰਗ ਕੀਤੀ। 


ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਈ ਸੰਗਤ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਕੌਮ ਦੇ ਰੌਸ਼ਨ ਦਿਮਾਗ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸੌ ਸਾਲਾ ਜਨਮ ਸ਼ਤਾਬਦੀ ਮਨਾਉਣ ਲਈ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਜਰੂਰ ਹਾਜਰੀ ਭਰੇ ਅਤੇ ਇਸ ਲਹਿਰ ਨੂੰ ਨਵੀਂ ਦਿਸ਼ਾ ਵਿੱਚ ਲਿਜਾਣ ਲਈ ਸੰਗਤ ਆਪਣਾ ਯੋਗਦਾਨ ਪਾਵੇ। ਇਸ ਤੋਂ ਇਲਾਵਾ ਓਹਨਾ ਨੇ ਪਿਛਲੇ ਦਿਨੀਂ ਮਨਾਈ ਗਈ ਸੰਤ ਹਰਚੰਦ ਸਿੰਘ ਲੋਗੋਵਾਲ ਦੀ ਬਰਸੀ ਸਮੇਂ ਹੋਈ ਇਕਤੱਰਤਾ ਜਿਸ ਨੇ ਸੁਧਾਰ ਲਹਿਰ ਨੂੰ ਬਲ ਬਖਸ਼ਿਆ ਸੀ ਵਰਕਰਾਂ ਦਾ ਧੰਨਵਾਦ ਕੀਤਾ।


ਸੁਧਾਰ ਲਹਿਰ ਦੇ ਮੈਂਬਰ ਸਕੱਤਰ ਤੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਹੁਣ ਤੱਕ ਦੇ ਕੀਤੇ ਗਏ ਸਮਾਗਮਾਂ ਦੀ ਜਾਣਕਾਰੀ ਸਾਂਝੀ ਕੀਤੀ ਉਥੇ ਹੀ ਸੁਧਾਰ ਲਹਿਰ ਦੀ ਹਰ ਪਿੰਡ ਪੱਧਰ ਤੇ ਇਕਾਈ ਬਣਾਉਣ ਲਈ ਜ਼ਰੂਰੀ ਆਨਲਾਈਨ ਪ੍ਰਫਾਰਮੇ ਤੋ ਸਭ ਨੂੰ ਜਾਣੂ ਕਰਵਾਇਆ ਤਾਂ ਕਿ ਮੁਢਲੀ ਇਕਾਈ ਤੋ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਕਾਮਯਾਬ ਕੀਤਾ ਜਾ ਸਕੇ। 


ਇਸ ਮੌਕੇ ਫਰੀਦਕੋਟ ਤੋਂ ਸਾਬਕਾ ਸਾਂਸਦ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਇਹ ਮੇਰਾ ਆਪਣਾ ਹਲਕਾ ਹੈ ਲੋਕਾਂ ਨਾਲ ਭਾਵਨਾਤਿਕ ਤੌਰ ਤੇ ਜੁੜੇ ਹਨ। 
ਬੀਬੀ ਪਰਮਜੀਤ ਕੌਰ ਲਾਡਰਾਂ ਨੇ ਕਿਹਾ ਜਦੋ ਦੀ ਸੁਧਾਰ ਲਹਿਰ ਸ਼ੁਰੂ ਕੀਤੀ ਹੈ ਕਾਫੀ ਕੰਮ ਹੋਣ ਲੱਗੇ ਹਨ। ਇਸ ਸਮੇਂ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਐਡਵੋਕੇਟ ਜੋਗਿੰਦਰ ਸਿੰਘ ਬਰਾੜ, ਪਵਨਪ੍ਰੀਤ ਸਿੰਘ ਅਤੇ ਕੁਲਵੀਰ ਸਿੰਘ ਮੱਤਾ ਨੇ ਵੀ ਸੰਬੋਧਨ ਕੀਤਾ। ਇਹਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਸੇਖੂਪੁੱਰ, ਜਗਜੀਤ ਸਿੰਘ ਕੋਹਲੀ, ਰਾਮਪਾਲ ਸਿੰਘ ਬਰਗਾੜੀ, ਗੁਲਸ਼ਨ ਸਿਮਘ ਰੋਮਾਣਾ, ਹੋਰਾ ਗਿੱਲ, ਗੁਰਪ੍ਰੀਤ ਸਿੰਘ ਬਰਾੜ, ਹਰਿੰਦਰਪਾਲ ਸਿੰਘ ਅਤੇ ਜਿਲੇ ਵਿੱਚੋਂ ਹੋਰ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।