ਜਲੰਧਰ: ਪੰਥਕ ਸਿਆਸਤ ਵਿੱਚ ਕੈਪਟਨ ਸਰਕਾਰ ਨਵਾਂ ਇਤਿਹਾਸ ਸਿਰਜਨ ਜਾ ਰਹੀ ਹੈ। ਜਿਹੜਾ ਕੰਮ ਅੱਜ ਤੱਕ ਪੰਥਕ ਪਾਰਟੀ ਅਖਵਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਤੱਕ ਨਹੀਂ ਕਰ ਸਕਿਆ, ਉਹ ਕਾਂਗਰਸ ਸਰਕਾਰ ਕਰਨ ਜਾ ਰਹੀ ਹੈ। ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਏਗਾ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਅੱਜ ਸੁਲਤਾਨਪੁਰ ਲੋਧੀ ਵਿੱਚ ਹੋਣ ਜਾ ਰਹੀ ਹੈ।

ਖਾਸ ਗੱਲ਼ ਹੈ ਕਿ ਇਸ ਮੀਟਿੰਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਦਾ 550ਵਾਂ ਗੁਰਪੁਰਬ ਮਨਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਪੰਜਾਬ ਮੰਤਰੀ ਮੰਡਲ ਦੀ ਚੰਡੀਗੜ੍ਹ ਤੋਂ ਬਾਹਰ ਹੋਣ ਵਾਲੀ ਇਹ ਪਹਿਲੀ ਮੀਟਿੰਗ ਨੇ ਨਵਾਂ ਇਤਿਹਾਸ ਸਿਰਜਿਆ ਹੈ। ਇਸ ਮੀਟਿੰਗ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 550ਵੇਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਪ੍ਰਤੀ ਆਪਣੀ ਸਰਕਾਰ ਦੀ ਗੰਭੀਰਤਾ ਨੂੰ ਵੀ ਸੂਬੇ ਦੇ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਜਦੋਂ ਦੀ ਪੰਜਾਬ ਦੀ ਰਾਜਧਾਨੀ ਬਣੀ ਹੈ, ਉਸ ਤੋਂ ਬਾਅਦ ਪੰਜਾਬ ਕੈਬਨਿਟ ਦੀ ਕੋਈ ਵੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਕਦੇ ਨਹੀਂ ਹੋਈ। ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਕਈ ਸਰਕਾਰਾਂ ਬਣਾਉਣ ਦੇ ਮੌਕੇ ਮਿਲੇ ਹਨ ਪਰ ਉਹ ਕੋਈ ਵੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਨਹੀਂ ਕਰ ਸਕੇ। ਕੈਪਟਨ ਸਰਕਾਰ ਚੰਡੀਗੜ੍ਹ ਤੋਂ ਬਾਹਰ ਮੀਟਿੰਗ ਕਰਕੇ ਸੰਕੇਤ ਦੇਣਾ ਚਾਹੁੰਦੀ ਹੈ ਕਿ ਉਹ ਗੁਰਪੁਰਬ ਤੇ ਸ਼ਤਾਬਦੀਆਂ ਮਨਾਉਣ ਦੇ ਮਾਮਲੇ ਵਿਚ ਅਕਾਲੀਆਂ ਨਾਲੋਂ ਅੱਗੇ ਹੈ।

550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਕੰਮ ਜ਼ੋਰਾਂ 'ਤੇ

ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਮੁੱਖ ਪੰਡਾਲ ਬਣਾਇਆ ਜਾ ਰਿਹਾ ਹੈ, ਉਥੇ ਵੀ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਸੀ। ਸ਼ਰਧਾਲੂਆਂ ਦੀ ਰਿਹਾਇਸ਼ ਲਈ ਸੁਲਤਾਨਪੁਰ ਲੋਧੀ ’ਚ ਆਰਜ਼ੀ ਤੌਰ ’ਤੇ ਤਿੰਨ ਥਾਵਾਂ ’ਤੇ ਟੈਂਟ ਸਿਟੀ ਬਣਾਏ ਜਾ ਰਹੇ ਹਨ।

ਪਵਿੱਤਰ ਕਾਲੀ ਵੇਈਂ ਦੇ ਕਿਨਾਰੇ ’ਤੇ ਬਣਾਏ ਜਾ ਰਹੇ ਦੋ ਫੁੱਟ ਬ੍ਰਿਜ ਦਾ ਉਪਰਲਾ ਢਾਂਚਾ ਬਣ ਕੇ ਤਿਆਰ ਹੋ ਗਿਆ ਹੈ ਤੇ ਉਸ ਨੂੰ ਫਿੱਟ ਕਰਨ ਲਈ ਵਿਭਾਗ ਦੇ ਅਧਿਕਾਰੀ ਯੋਜਨਾ ਬਣਾਉਣ ਵਿਚ ਲੱਗੇ ਹੋਏ ਹਨ। ਸੁਲਤਾਨਪੁਰ ਲੋਧੀ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਵੀ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਸੀ। ਮੁੱਖ ਸਮਾਗਮ ਲਈ ਜਿਹੜਾ ਪੰਡਾਲ ਬਣਾਇਆ ਜਾਣਾ ਹੈ ਉਥੇ ਬੈਠਣ ਦੀ ਸਮਰੱਥਾ 25 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਪੰਡਾਲ ਅੱਧਿਓਂ ਵੱਧ ਬਣ ਗਿਆ ਹੈ ਤੇ ਉਸ ਦਾ ਇੱਕ ਹਿੱਸਾ ਬਣਾਉਣ ਲਈ ਮਜ਼ਦੂਰ ਵੱਡੀ ਗਿਣਤੀ ਵਿੱਚ ਲੱਗੇ ਹੋਏ ਸਨ।

ਇਹ ਪੰਡਾਲ ਵਾਟਰ ਪਰੂਫ ਹੋਵੇਗਾ ਤਾਂ ਜੋ ਮੌਸਮ ਦੀ ਖਰਾਬੀ ਦੌਰਾਨ ਵੀ ਸਮਾਗਮ ਪ੍ਰਭਾਵਿਤ ਨਾ ਹੋ ਸਕਣ। ਸ਼ਰਧਾਲੂਆਂ ਦੇ ਵੱਡੀ ਗਿਣਤੀ ’ਚ ਆਉਣ ਦੀ ਸੂਰਤ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਵਿੱਤਰ ਕਾਲੀ ਵੇਈਂ ਦੇ ਕਿਨਾਰਿਆਂ ’ਤੇ ਵੀ ਰੇਲਿੰਗ ਲਗਾਈ ਜਾ ਰਹੀ ਹੈ। ਵੇਈਂ ਉੱਪਰ ਹੀ ਵੱਖ-ਵੱਖ ਥਾਵਾਂ ’ਤੇ 9 ਪੁਲ ਬਣਾਏ ਜਾ ਰਹੇ ਹਨ ਜਿਨ੍ਹਾਂ ਦਾ ਕਾਫੀ ਕੰਮ ਮੁਕੰਮਲ ਹੋ ਚੁੱਕਾ ਹੈ।