Tourism Summit and Travel Mart: ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਮੁਹਾਲੀ ਦੇ ਸੈਕਟਰ-82 ਵਿੱਚ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਦੇ ਨਾਲ ਪੰਜਾਬ ਦੇ ਹੋਰ ਕੈਬਨਿਟ ਮੰਤਰੀ ਤੇ ਮੁੱਖ ਸਕੱਤਰ ਅਨੁਰਾਗ ਵਰਮਾ ਤੇ ਹੋਰ ਅਧਿਕਾਰੀ ਵੀ ਪਹੁੰਚ ਗਏ ਹਨ। ਪੰਜਾਬ ਟੂਰਿਜ਼ਮ ਸਮਿਟ 11, 12 ਤੇ 13 ਸਤੰਬਰ ਤੱਕ ਮੁਹਾਲੀ ਵਿੱਚ ਚੱਲੇਗਾ। ਪੰਜਾਬ ਸਰਕਾਰ ਨੂੰ ਪੰਜਾਬ ਤੋਂ ਹੀ ਨਹੀਂ ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਨਿਵੇਸ਼ਕਾਂ ਦੀ ਉਡੀਕ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆਂ ਨੂੰ ਸੈਰ ਸਪਾਟਾ ਸੰਮੇਲਨ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੇਜ਼ਬਾਨ ਪੰਜਾਬ ਅੱਖਾਂ ਵਿਛਾ ਕੇ ਉਡੀਕ ਕਰ ਰਿਹਾ ਹੈ। ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਆਸ ਪ੍ਰਗਟਾਈ ਹੈ ਕਿ ਇਸ ਸੰਮੇਲਨ ਤੋਂ ਪੰਜਾਬ ਦੇ ਸੈਰ ਸਪਾਟਾ ਖੇਤਰ ਨੂੰ ਕਾਫੀ ਲਾਭ ਮਿਲੇਗਾ।
ਪੰਜਾਬ ਸਰਕਾਰ ਆਪਣੇ ਪਹਿਲੇ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ ਤੋਂ ਸੂਬੇ ਵਿੱਚ ਵੱਡੇ ਨਿਵੇਸ਼ ਦੀ ਉਮੀਦ ਕਰ ਰਹੀ ਹੈ। ਸੂਬਾ ਸਰਕਾਰ ਨੇ ਮੁਹਾਲੀ ਸਮੇਤ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ ਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਕਈ ਸੈਰ ਸਪਾਟਾ ਸਥਾਨਾਂ ਦੀ ਸ਼ਨਾਖਤ ਕੀਤੀ ਹੈ, ਜਿੱਥੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਹਨ। ਅਜਿਹੀਆਂ ਥਾਵਾਂ 'ਤੇ ਕਈ ਤਰ੍ਹਾਂ ਦੇ ਵੱਡੇ ਪ੍ਰੋਜੈਕਟ ਸਥਾਪਤ ਕੀਤੇ ਜਾ ਸਕਦੇ ਹਨ। ਵੰਡਰਲਾ ਗਰੁੱਪ 500 ਕਰੋੜ ਰੁਪਏ ਦਾ ਨਿਵੇਸ਼ ਕਰਕੇ ਮੋਹਾਲੀ ਵਿੱਚ ਥੀਮ ਪਾਰਕ ਅਤੇ ਵਾਟਰ ਸਪੋਰਟਸ ਸਥਾਪਤ ਕਰ ਸਕਦਾ ਹੈ।
ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਪਹਿਲੇ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਵਿੱਚ ਵੱਖ-ਵੱਖ ਰਾਜਾਂ ਦੇ ਉਦਯੋਗਪਤੀ ਸ਼ਾਮਲ ਹੋਣਗੇ। ਵੰਡਰਲਾ ਗਰੁੱਪ ਤੋਂ ਇਲਾਵਾ, ਕਲੱਬ ਮਹਿੰਦਰਾ ਮੋਹਾਲੀ ਜਾਂ ਇਸ ਦੇ ਆਲੇ-ਦੁਆਲੇ ਕਿਸੇ ਬਿਹਤਰ ਥਾਂ ਦੀ ਤਲਾਸ਼ ਕਰ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਵਿੱਚ ਥੀਮ ਪਾਰਕ ਅਤੇ ਵਾਟਰ ਸਪੋਰਟਸ ਪ੍ਰੋਜੈਕਟ ਤੋਂ ਇਲਾਵਾ ਪੰਜਾਬ ਸਰਕਾਰ ਸਹਿਮਤੀ ਬਣਨ ਤੇ ਐਮਓਯੂ ਸਾਈਨ ਹੋਣ ਤੋਂ ਬਾਅਦ ਹੋਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਵੇਗੀ।