ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਪਿੰਡ ਭਗਵਾਨਪੁਰ 'ਚ ਬੀਤੀ ਸ਼ਾਮ ਸਾਬਕਾ ਅਕਾਲੀ ਸਰਪੰਚ ਦੇ ਬੇਟੇ ਨੂੰ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰਦਾਤ ਨੂੰ ਗੱਡੀ 'ਚ ਸਵਾਰ ਛੇ ਲੋਕਾਂ ਨੇ ਅੰਜ਼ਾਮ ਦਿੱਤਾ। ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਗ੍ਰਿਫ਼ਤਾਰ ਮੁਲਜ਼ਾਂ ਵਿੱਚੋਂ ਪੰਜ ਪੁਲਿਸ ਮੁਲਾਜ਼ਮ ਹਨ।


ਦੱਸ ਦਈਏ ਕਿ ਪਿੰਡ ਭਗਵਾਨਪੁਰ ਦੇ ਸਾਬਕਾ ਅਕਾਲੀ ਸਰਪੰਚ ਅਮਰੀਕ ਸਿੰਘ ਦੀ ਨੂੰਹ ਸਰਕਾਰੀ ਮਹਿਕਮੇ 'ਚ ਨੌਕਰੀ ਕਰਦੀ ਹੈ। ਬੀਤੀ ਦੇਰ ਸ਼ਾਮ ਉਹ ਵਾਪਸ ਪਿੰਡ ਆ ਰਹੀ ਸੀ। ਜਦੋਂ ਉਹ ਪਿੰਡ ਦੇ ਨੇੜੇ ਪੁੱਜੀ ਤਾਂ ਕਾਰ ਸਵਾਰ 6 ਨੌਜਵਾਨਾਂ ਨਾਲ ਉਸ ਦੀ ਕਾਰ ਓਵਰਟੇਕ ਕਰਨ ਤੋਂ ਤਕਰਾਰ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਕਾਫੀ ਬਦਤਮੀਜ਼ੀ ਕੀਤੀ। ਇਸੇ ਦੌਰਾਨ ਔਰਤ ਨੇ ਆਪਣੇ ਦਿਓਰ ਤੇ ਕਬੱਡੀ ਖਿਡਾਰੀ ਗੁਰਮੇਲ ਸਿੰਘ ਪੱਪੀ ਨੂੰ ਫ਼ੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ।



ਜਦੋਂ ਗੁਰਮੇਲ ਮੌਕੇ 'ਤੇ ਪਹੁੰਚਿਆ ਤਾਂ ਮੁਲਜ਼ਮਾਂ ਨਾਲ ਉਸ ਦੀ ਤਕਰਾਰ ਇੰਨੀ ਵੱਧ ਗਈ ਕਿ ਉਨ੍ਹਾਂ ਨੇ ਗੁਰਮੇਲ ਸਿੰਘ ਪੱਪੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਨੌਜਵਾਨ ਦਾ ਪਰਿਵਾਰ ਇਨਸਾਫ ਦੀ ਗੁਹਾਰ ਲਾ ਰਿਹਾ ਹੈ। ਮ੍ਰਿਤਕ ਦੇ ਸਾਥੀ ਕਬੱਡੀ ਖਿਡਾਰੀ ਨੇ ਦੱਸਿਆ ਕਿ ਗੁਰਮੇਲ ਸਿੰਘ ਚੰਗਾ ਖਿਡਾਰੀ ਸੀ ਤੇ ਉਹ ਵਿਦੇਸ਼ ਵੀ ਕਬੱਡੀ ਮੈਚ ਖੇਡ ਕੇ ਆ ਚੁੱਕਾ ਹੈ। ਉਹ ਪਿੰਡ 'ਚ ਜਿੱਥੇ ਖੇਤੀਬਾੜੀ ਤੇ ਡੇਅਰੀ ਫਾਰਮਿੰਗ ਦਾ ਕੰਮ ਕਰਦਾ ਸੀ।

ਉਧਰ, ਬੀਤੀ ਦੇਰ ਸ਼ਾਮ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਕੇਸ ਦਰਜ ਕਰਕੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿੱਚ ਭੇਜ ਦਿੱਤੀ। ਬਟਾਲਾ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੁੱਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸ ਦਈਏ ਕਿ ਇਨ੍ਹਾਂ ਵਿੱਚ ਪੰਜ ਪੁਲਿਸ ਮੁਲਾਜ਼ਮ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904