ਮੁਸਲਾਧਾਰ ਬਾਰਿਸ਼ ਅਤੇ ਡੈਮਾਂ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਰਕੇ ਪੰਜਾਬ ਵਿੱਚ ਹਾਲਾਤ ਹੋਰ ਵੀ ਖਰਾਬ ਹੁੰਦੇ ਜਾ ਰਹੇ ਹਨ। ਹਜ਼ਾਰਾਂ ਏਕੜ ਜ਼ਮੀਨ, ਫਸਲਾਂ ਅਤੇ ਦਰਿਆਵਾਂ ਦੇ ਕਿਨਾਰੇ ਵਸੇ ਪਿੰਡ ਪਾਣੀ ਵਿੱਚ ਡੁੱਬ ਚੁੱਕੇ ਹਨ। ਸੜਕਾਂ ਬਹਿ ਜਾਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਘਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ। ਲੋਕ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਪਹੁੰਚ ਰਹੇ ਹਨ। ਇਸਦੇ ਨਾਲ ਹੀ ਲੋਕਾਂ ਨੂੰ ਜਾਨ ਤੇ ਮਾਲ ਦੀ ਚਿੰਤਾ ਸਤਾ ਰਹੀ ਹੈ।

ਪੰਜਾਬ ਪੁਲਿਸ ਦੇ ਨਾਲ ਫੌਜ, NDRF, SDRF ਨੇ ਸੰਭਾਲਿਆ ਮੋਰਚਾ

ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸ਼ਾਮਲ ਹਨ। ਇਸ ਤੋਂ ਇਲਾਵਾ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਵੀ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦਾ ਜਲ-ਸਤ੍ਹਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਹੈ। ਹਾਲਾਤ ਬੇਕਾਬੂ ਹੁੰਦੇ ਵੇਖ ਪੰਜਾਬ ਪੁਲਿਸ ਦੇ ਨਾਲ-ਨਾਲ ਫੌਜ, ਬਾਰਡਰ ਸੁਰੱਖਿਆ ਬਲ (BSF), ਰਾਸ਼ਟਰੀ ਆਫ਼ਤ ਪ੍ਰਤੀਕ੍ਰਿਆ ਬਲ (NDRF) ਅਤੇ ਰਾਜ ਆਫ਼ਤ ਪ੍ਰਤੀਕ੍ਰਿਆ ਬਲ (SDRF) ਰਾਹਤ ਅਤੇ ਬਚਾਅ ਕੰਮਾਂ ਵਿੱਚ ਜੁਟ ਗਏ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਹੈਲੀਕਾਪਟਰ ਦੀ ਵੀ ਮਦਦ ਲਈ ਜਾ ਰਹੀ ਹੈ।

ਭਾਖੜਾ ਡੈਮ ਵਿੱਚ ਵੀ ਲਗਾਤਾਰ ਪਾਣੀ ਆਉਣ ਕਰਕੇ ਇਸ ਦਾ ਜਲ-ਸਤ੍ਹਾ ਦਿਨੋਂ-ਦਿਨ ਵੱਧ ਰਿਹਾ ਹੈ। ਮੰਗਲਵਾਰ ਨੂੰ RSD ਤੋਂ ਕੁੱਲ 1.70 ਹਜ਼ਾਰ ਕਿਊਸੈਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ। ਪੌਂਗ ਡੈਮ ਤੋਂ 63,247 ਕਿਊਸੈਕ ਪਾਣੀ ਸ਼ਾਹ ਨਹਿਰ ਬੈਰਾਜ ਰਾਹੀਂ ਬਿਆਸ ਦਰਿਆ ਵਿੱਚ ਛੱਡਿਆ ਗਿਆ ਅਤੇ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 36,514 ਅਤੇ ਫਲੱਡ ਗੇਟਾਂ ਰਾਹੀਂ 6,349 ਕਿਊਸੈਕ ਪਾਣੀ ਛੱਡਿਆ ਗਿਆ। ਕਈ ਇਲਾਕਿਆਂ ਵਿੱਚ ਧੁੱਸੀਆਂ ਬੰਨ ਟੁੱਟਣ ਕਾਰਨ ਪਿੰਡਾਂ ਵਿੱਚ ਪਾਣੀ ਵੜ੍ਹ ਗਿਆ। ਹੜ੍ਹ ਨਾਲ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਦਰਜਨਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸੜਕਾਂ ਬਹਿ ਜਾਣ ਕਰਕੇ ਸ਼ਹਿਰਾਂ ਨਾਲ ਸੰਪਰਕ ਟੁੱਟ ਗਿਆ ਹੈ। ਘਰਾਂ ਵਿੱਚ ਪਾਣੀ ਵੜ੍ਹਣ ਕਾਰਨ ਸਮਾਨ ਖਰਾਬ ਹੋ ਗਿਆ ਹੈ। ਲੋਕ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਜਾਣ ਲੱਗੇ ਹਨ।

ਗੁਰਦਾਸਪੁਰ ਵਿੱਚ 70 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ

ਗੁਰਦਾਸਪੁਰ ਦੀ ਤਹਿਸੀਲ ਦੀਨਾਨਗਰ ਦੇ ਲਗਭਗ 15 ਪਿੰਡ ਹੜ੍ਹ ਦੀ ਚਪੇਟ ਵਿੱਚ ਆ ਗਏ ਹਨ। ਰਾਹਤ ਅਤੇ ਬਚਾਅ ਟੀਮ ਨੇ ਪਿੰਡ ਜੱਗੋਚੱਕ ਟਾਂਡਾ ਤੋਂ ਕਰੀਬ 70 ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਹੈ। ਪਠਾਨਕੋਟ ਦੇ ਪਿੰਡ ਤਾਸ ਵਿੱਚ ਇੱਕ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਵੀ ਟੀਮਾਂ ਵੱਲੋਂ ਬਚਾ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ। ਜ਼ਿਲ੍ਹੇ ਦੇ ਪਿੰਡ ਤਾਰਾਗੜ੍ਹ ਅਤੇ ਨਰੋਟ ਜੈਮਲ ਸਿੰਘ ਦੇ ਸਕੂਲਾਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਲੰਗਰ ਦੀ ਵੀ ਵਿਵਸਥਾ ਕੀਤੀ ਗਈ ਹੈ।

ਸਾਰੇ ਨੇਤਾ ਜ਼ਮੀਨ ‘ਤੇ ਉਤਰ ਕੇ ਲੋਕਾਂ ਦੀ ਮਦਦ ਕਰਨ: ਕੇਜਰੀਵਾਲ

ਪੰਜਾਬ ਵਿੱਚ ਹੜ੍ਹ ਦੇ ਹਾਲਾਤਾਂ ਬਾਰੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸਾਰੇ ਨੇਤਾਵਾਂ, ਵਿਧਾਇਕਾਂ, ਮੰਤਰੀਆਂ ਅਤੇ ਵਰਕਰਾਂ ਨੂੰ ਅਪੀਲ ਹੈ ਕਿ ਉਹ ਜ਼ਮੀਨ ‘ਤੇ ਉਤਰ ਕੇ ਲੋਕਾਂ ਦੀ ਮਦਦ ਕਰਨ।