Flood in Punjab: ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਰਕੇ ਮੁਹਾਲੀ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖਤਰਾ ਵਧ ਗਿਆ ਹੈ।
ਘੱਗਰ ਤੇ ਟਾਂਗਰੀ ਨਦੀਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਅੰਬਾਲਾ ਤੇ ਕਾਲਾ ਅੰਬ ਖੇਤਰਾਂ ਵਿੱਚ ਭਾਰੀ ਬਾਰਸ਼ ਕਾਰਨ ਟਾਂਗਰੀ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਅੰਦਾਜ਼ਾ ਹੈ ਕਿ ਅਗਲੇ 10-12 ਘੰਟਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਖੇਤਰ ਵਿੱਚ ਇਸ ਦੇ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਤੁਰੰਤ ਚੇਤਾਵਨੀ ਜਾਰੀ ਕੀਤੀ ਹੈ।
ਇਸ ਪਾਣੀ ਨਾਲ ਮਹਿਮੂਦਪੁਰ ਰੁੜਕੀ, ਦੇਵੀਨਗਰ, ਹਰੀਗੜ੍ਹ, ਰੋਹੜ ਜਾਗੀਰ, ਲੇਹਲਾਂ ਜਾਗੀਰ, ਦੂਧਣਗੂਜਰਾਂ, ਅਦਾਲਤੀਵਾਲਾ, ਮੱਘਰ ਸਾਹਿਬ, ਮੋਹਲਗੜ੍ਹ, ਖਾਂਸਾ, ਰੱਤਾਖੇੜਾ, ਔਜਾਂ, ਖਤੌਲੀ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ, ਜੋਧਪੁਰ, ਬੁੱਧਮੋਰ ਤੇ ਸਾਦਿਕਪੁਰ ਬੀੜਾਂ ਪਿੰਡ ਪ੍ਰਭਾਵਿਤ ਹੋ ਸਕਦੇ ਹਨ। ਇਸ ਦੇ ਨਾਲ ਹੀ ਪਟਿਆਲਾ ਦੇ ਰਾਓ ਨਦੀ ਦੇ ਤੇਜ਼ ਵਹਾਅ ਵੀ ਖਤਰਾ ਵਧਾ ਰਿਹਾ ਹੈ।
ਪ੍ਰਸਾਸ਼ਨ ਵੱਲੋਂ ਸਥਾਨਕ ਲੋਕਾਂ ਨੂੰ ਸਾਵਧਾਨ ਰਹਿਣ, ਨਦੀ ਦੇ ਕੰਢੇ ਨਾ ਜਾਣ ਤੇ ਪ੍ਰਸ਼ਾਸਨਿਕ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ ਕੈਂਪ ਸਥਾਪਤ ਕੀਤੇ ਹਨ ਤੇ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਐਮਰਜੈਂਸੀ ਜਾਣਕਾਰੀ ਲਈ ਪਟਿਆਲਾ ਜ਼ਿਲ੍ਹਾ ਕੰਟਰੋਲ ਰੂਮ ਨੰਬਰ 0175-2350550, 2358550 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਘਨੌਰ ਖੇਤਰ ਦੇ 24 ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾਇਸ ਦੇ ਨਾਲ ਹੀ ਘੱਗਰ ਨਦੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਈ ਹੈ। ਇਸ ਕਾਰਨ ਪ੍ਰਸ਼ਾਸਨ ਨੇ ਜ਼ਿਲ੍ਹਾ ਪਟਿਆਲਾ ਦੇ ਘਨੌਰ ਖੇਤਰ ਦੇ 24 ਪਿੰਡਾਂ ਲਈ ਹਾਈ ਅਲਰਟ ਜਾਰੀ ਕੀਤਾ ਹੈ। ਇਸ ਪਾਣੀ ਦੀ ਮਾਰ ਪਿੰਡਾਂ ਸੰਜਰਪੁਰ, ਉਂਟਸਰ, ਦਰਬਾ, ਸਲੇਮਪੁਰ, ਸ਼ਮਸ਼ਪੁਰ, ਜੰਡਮਗੋਲੀ, ਹਰਪਾਲਣ, ਰਾਮਪੁਰ, ਸੌਂਟਾ, ਮਾਰੀਆ, ਕਪੂਰੀ, ਕਮਾਲਪੁਰ, ਸਰਾਲਾ ਕਲਾਂ, ਸਰਾਲਾ ਖੁਰਦ, ਕਾਮੀ ਖੁਰਦ, ਚਮਾਰੂ, ਲਾਛੜੂ ਖੁਰਦ, ਮਹਿਦੂਦਾ, ਮੰਜੋਲੀ, ਮਾਡੂ, ਜੰਬੋਮਾਜਰਾ, ਜਮੀਤਗੜ੍ਹ, ਮੁਹੰਮਦਪੁਰ ਤੇ ਆਸ ਪਾਸ ਦੇ ਖੇਤਰ ਵਿੱਚ ਪਵੇਗੀ।
ਉਧਰ, ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਕੇ ਘੱਗਰ ਨਦੀ ਤੇ ਸੁਖਨਾ ਝੀਲ ਦੇ ਕੰਢਿਆਂ 'ਤੇ ਚੌਕਸ ਰਹਿਣ ਲਈ ਕਿਹਾ ਹੈ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪ੍ਰਸ਼ਾਸਨ ਨੇ ਕਿਹਾ ਕਿ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਨਾਗਰਿਕਾਂ ਨੂੰ ਅਫਵਾਹਾਂ ਵੱਲ ਧਿਆਨ ਨਾ ਦੇਣ ਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਸੋਮਵਾਰ ਨੂੰ ਪਾਣੀ ਆਮ ਵਾਂਗ ਵਹਿ ਰਿਹਾ ਸੀ ਪਰ ਬੁੱਧਵਾਰ ਸਵੇਰੇ 5 ਵਜੇ ਤੋਂ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਲੱਗਾ ਤੇ ਸਵੇਰੇ 9 ਵਜੇ ਤੱਕ ਇਹ ਸੱਤ ਫੁੱਟ ਤੱਕ ਪਹੁੰਚ ਗਿਆ। ਇਹ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਹੇਠਾਂ ਸੀ। ਮੁਹਾਲੀ ਦੇ ਜ਼ੀਰਕਪੁਰ ਵਿੱਚ ਮੁਬਾਰਕਪੁਰ ਕਾਜ਼ਵੇਅ ਉੱਤੇ ਪਾਣੀ ਵਹਿ ਰਿਹਾ ਹੈ।
ਸਥਾਨ ਲੋਕਾਂ ਮੁਤਾਬਕ ਸਵੇਰ ਤੋਂ ਹੀ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ। ਭਾਖਰਪੁਰ ਪੁਲ 'ਤੇ ਪਾਣੀ ਦੀ ਮਾਪ ਕਰਨ ਵਾਲੇ ਸਿੰਚਾਈ ਵਿਭਾਗ ਦੇ ਕਰਮਚਾਰੀ ਜਗਦੀਸ਼ ਸਿੰਘ ਦੇ ਅਨੁਸਾਰ ਸਵੇਰੇ 7 ਵਜੇ ਪਾਣੀ ਦਾ ਪੱਧਰ 5 ਫੁੱਟ, ਸਵੇਰੇ 8 ਵਜੇ 6 ਫੁੱਟ ਤੇ ਸਵੇਰੇ 9 ਵਜੇ 7 ਫੁੱਟ ਦਰਜ ਕੀਤਾ ਗਿਆ। ਜਗਦੀਸ਼ ਸਿੰਘ ਨੇ ਕਿਹਾ ਕਿ ਲਗਾਤਾਰ ਭਾਰੀ ਬਾਰਸ਼ ਤੇ ਸੁਖਨਾ ਝੀਲ ਦੇ ਖੁੱਲ੍ਹੇ ਹੜ੍ਹ ਗੇਟਾਂ ਕਾਰਨ ਘੱਗਰ ਵਿੱਚ ਪਾਣੀ ਵੱਧ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਦੇ ਪੱਧਰ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।