Flood in Punjab: ਪੰਜਾਬ ਵਿੱਚ ਅੱਜ ਵੀ ਬਾਰਸ਼ ਦਾ ਕਹਿਰ ਜਾਰੀ ਰਹਿ ਸਕਦਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਮੀਂਹ ਲਈ ਰੈੱਡ ਅਲਰਟ ਤੇ ਬੁੱਧਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਅਲਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪਹਾੜਾਂ ਵਿੱਚ ਮੀਂਹ ਨਾ ਰੁਕਿਆ ਤਾਂ ਪੰਜਾਬ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 7 ਸਤੰਬਰ ਤੱਕ ਪੰਜਾਬ ਵਿੱਚ ਬਾਰਸ਼ ਵਾਲਾ ਮੌਸਮ ਰਹੇਗਾ। ਹੁਣ ਤੱਕ ਪੰਜਾਬ ਵਿੱਚ 470 ਮਿਲੀਮੀਟਰ ਮੀਂਹ ਪੈ ਚੁੱਕਾ ਹੈ, ਜੋ ਮਾਨਸੂਨ ਸੀਜ਼ਨ ਵਿੱਚ ਆਮ ਨਾਲੋਂ 30 ਪ੍ਰਤੀਸ਼ਤ ਵੱਧ ਹੈ। ਹਿਮਾਚਲ ਵਿੱਚ ਵੀ ਹੁਣ ਤੱਕ 834 ਮਿਲੀਮੀਟਰ ਮੀਂਹ ਪਿਆ ਹੈ, ਜੋ ਆਮ ਨਾਲੋਂ 36 ਪ੍ਰਤੀਸ਼ਤ ਵੱਧ ਹੈ।
ਮੌਸਮ ਵਿਭਾਗ ਵੱਲੋਂ ਬੁਢਲਾਡਾ, ਲਹਿਰਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਲੇਰਕੋਟਲਾ, ਮੂਨਕ, ਪਾਤੜਾਂ, ਡੇਰਾਬੱਸੀ, ਰਾਮਪੁਰਾ ਫੂਲ, ਮੋਗਾ, ਜ਼ੀਰਾ, ਸ਼ਾਹਕੋਟ, ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਨਿਹਾਲ ਸਿੰਘਵਾਲਾ, ਰਾਏਕੋਟ, ਜਗਰਾਓਂ, ਲੁਧਿਆਣਾ, ਕਪੂਰਥਲਾ, ਬਾਬਾ ਬਕਾਲਾ, ਅੰਮ੍ਰਿਤਸਰ, ਬਟਾਲਾ, ਡੇਰਾ ਬਾਬਾ ਨਾਨਕ, ਭੁਲੱਥ, ਦਸੂਹਾ, ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ ਤੇ ਧਾਰ ਕਲਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ
ਦੱਸ ਦਈਏ ਕਿ ਇਸ ਵੇਲੇ ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਪਟਿਆਲਾ, ਮੁਹਾਲੀ, ਕਪੂਰਥਲਾ, ਜਲੰਧਰ ਤੇ ਲੁਧਿਆਣਾ ਸ਼ਾਮਲ ਹਨ। ਜਲੰਧਰ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਪ੍ਰਭਾਵਿਤ ਹੋਏ ਹਨ। ਮੀਂਹ ਲਈ ਔਰੰਜ ਅਲਰਟ ਅੱਜ ਵੀ ਲਾਗੂ ਹੈ। ਇਸ ਦੇ ਨਾਲ ਹੀ ਭਾਖੜਾ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 5 ਫੁੱਟ ਹੇਠਾਂ ਹੈ।
ਭਾਖੜਾ ਡੈਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ। ਸੋਮਵਾਰ ਸਵੇਰੇ ਪਾਣੀ ਦਾ ਪੱਧਰ 1675.08 ਫੁੱਟ 'ਤੇ ਪਹੁੰਚ ਗਿਆ, ਜੋ 1680 ਫੁੱਟ ਦੀ ਵੱਧ ਤੋਂ ਵੱਧ ਸੀਮਾ ਤੋਂ ਸਿਰਫ਼ 5 ਫੁੱਟ ਹੇਠਾਂ ਹੈ। ਸਤਲੁਜ ਦਰਿਆ ਤੋਂ ਪਾਣੀ ਦਾ ਪ੍ਰਵਾਹ 1.9 ਲੱਖ ਕਿਊਸਿਕ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਕਈ ਦਿਨਾਂ ਨਾਲੋਂ ਤਿੰਨ ਗੁਣਾ ਵੱਧ ਹੈ। ਡਿਸਚਾਰਜ ਲਗਪਗ 53,000 ਕਿਊਸਿਕ ਸੀ, ਪਰ ਪ੍ਰਵਾਹ ਡਿਸਚਾਰਜ ਤੋਂ ਬਹੁਤ ਜ਼ਿਆਦਾ ਸੀ, ਜਿਸ ਕਾਰਨ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ।
ਪੋਂਗ ਦੀ ਵੱਧ ਤੋਂ ਵੱਧ ਸੀਮਾ 1390 ਫੁੱਟ ਹੈ। ਪਿਛਲੇ ਹਫ਼ਤੇ ਪਾਣੀ ਦਾ ਪੱਧਰ 1394 ਫੁੱਟ ਤੱਕ ਵਧ ਗਿਆ। ਹਾਲਾਂਕਿ ਸੋਮਵਾਰ ਨੂੰ ਪਾਣੀ ਦਾ ਪੱਧਰ ਥੋੜ੍ਹਾ ਘੱਟ ਕੇ 1390.36 ਫੁੱਟ ਹੋ ਗਿਆ। ਇਸ ਸਮੇਂ ਦੌਰਾਨ ਡਿਸਚਾਰਜ ਲਗਪਗ 1.1 ਲੱਖ ਕਿਊਸਿਕ ਦਰਜ ਕੀਤਾ ਗਿਆ। ਰਣਜੀਤ ਸਾਗਰ ਡੈਮ ਵਿੱਚ ਪਾਣੀ ਪਿਛਲੇ ਹਫ਼ਤੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ ਤੇ ਅਜੇ ਵੀ ਗੰਭੀਰ ਸਥਿਤੀ ਵਿੱਚ ਹੈ।