ਗੁਰਦਾਸਪੁਰ: ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਾਰਸ਼ ਕਾਰਨ ਪੌਂਗ ਡੈਮ `ਚੋਂ ਕੱਲ 1.40 ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜਗਤਪੁਰਾ ਟਾਂਡਾ, ਭੈਣੀ ਪਸਵਾਲ ਦੇ ਉੱਪਰ ਦੇ ਇਲਾਕਿਆਂ ਵਿੱਚ ਬਿਆਸ ਦਰਿਆ ਦੇ ਧੁੱਸੀ ਬੰਨ ਵਿੱਚ ਪਾੜ ਪੈ ਗਿਆ ਹੈ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।


ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਤਪੁਰਾ ਟਾਂਡਾ, ਭੈਣੀ ਪਸਵਾਲ ਦੇ ਉੱਪਰ ਦੇ ਇਲਾਕਿਆਂ ਵਿੱਚ ਬਿਆਸ ਦਰਿਆ ਦੇ ਧੁੱਸੀ ਬੰਨ ਵਿੱਚ ਪਾੜ ਪੈਣ ਕਾਰਨ ਪਿੰਡ ਚੀਚੀਆਂ ਚੋਰੀਆਂ, ਪੱਖੋਵਾਲ, ਦਾਊਵਾਲ, ਖੈਹਿਰਾ, ਦਲੇਰਪੁਰ, ਪਦਾਨਾ, ਛੀਨਾ ਬੇਟ, ਨਡਾਲਾ, ਜਗਤਪੁਰ ਕਲਾਂ, ਕੋਹਲੀਆਂ ਤੇ ਖਰੀਆਨ ਪਿੰਡ ਹੜ੍ਹ ਦੀ ਮਾਰ ਹੇਠ ਆਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਸੁਰੱਖਿਅਤ/ਉੱਚੇ ਸਥਾਨਾਂ `ਤੇ ਜਾਣ ਲਈ ਕਿਹਾ ਹੈ। 



ਬੀਤੀ ਦੇਰ ਰਾਤ ਤੱਕ ਅੱਜ ਤੜਕੇ ਸਵੇਰ ਤੋਂ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਪੁਰਾਣਾ ਸ਼ਾਲਾ, ਦਾਓਵਾਲ ਵਿਖੇ ਪੁਹੰਚ ਕੇ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬਚਾਅ ਤੇ ਰਾਹਤ ਟੀਮਾਂ ਬੀਤੇ ਕੱਲ੍ਹ ਤੋਂ ਹੀ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਇਸੇ ਦੌਰਾਨ ਬੀਤੀ ਰਾਤ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਵੱਲੋਂ ਅੱਜ ਸਵੇਰ ਤੋਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। 



ਇਸ ਤੋਂ ਇਲਾਵਾ ਭਾਰਤੀ ਫੌਜ ਤੇ ਬੀਐਸਐਫ ਦੀਆਂ ਟੀਮਾਂ ਵੀ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਦਾ ਸਹਿਯੋਗ ਕਰਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਦਰਿਆ ਬਿਆਸ ਦੇ ਪਾਣੀ ਕਾਰਨ ਬਣੇ ਐਮਰਜੈਂਸੀ ਹਲਾਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ-ਮੁਕੇਰੀਆਂ ਰੋਡ ਉੱਪਰ ਵੀ ਪਾਣੀ ਆਉਣ ਕਾਰਨ ਅਹਿਤਿਆਤ ਵਜੋਂ ਮੁਕੇਰੀਆਂ ਪੁੱਲ ਨੂੰ ਬੰਦ ਕਰਕੇ ਗੁਰਦਾਸਪੁਰ-ਮੁਕੇਰੀਆਂ ਟ੍ਰੈਫਿਕ ਨੂੰ ਦੀਨਾਨਗਰ ਹਾਈਵੇ ਵੱਲ ਦੀ ਡਾਈਵਰਟ ਕਰ ਦਿੱਤਾ ਹੈ। 



ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਲੋਕਾਂ ਨੂੰ ਹੜ੍ਹ ਪ੍ਰਭਾਵਤ ਖੇਤਰ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ ਤੇ ਸਾਰੀ ਸਥਿਤੀ ਉੱਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੌਂਗ ਡੈਮ ਤੋਂ ਪਾਣੀ ਛੱਡਣ ਦੀ ਮਿਕਦਾਰ ਘਟਾਈ ਗਈ ਹੈ ਜਿਸ ਨਾਲ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਘੱਟ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਾਣਾ ਸ਼ਾਲਾ ਦੇ ਸਕੂਲ ਵਿੱਚ ਰਾਹਤ ਕੈਂਪ ਸਥਾਪਤ ਕਰ ਦਿੱਤਾ ਗਿਆ ਹੈ ਤੇ ਮੈਡੀਕਲ, ਵੈਟਨਰੀ ਵਿਭਾਗਾਂ ਸਮੇਤ ਸਾਰੀਆਂ ਟੀਮਾਂ ਬਿਲਕੁਲ ਤਿਆਰ ਹਨ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। 


ਉਨ੍ਹਾਂ ਕਿਹਾ ਕਿ ਕਿਸੇ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਥਿਤੀ ਦਾ ਟਾਕਰਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ `ਤੇ ਹੈਲਪ ਲਾਈਨ ਨੰਬਰ 1800-180-1852 ਜਾਂ 112 ਨੰਬਰ `ਤੇ ਕਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਤੁਰੰਤ ਸਹਾਇਤਾ ਪਹੁੰਚਾਈ ਜਾਵੇਗੀ।