Punjab Flood: ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਭਾਖੜਾ ਅਤੇ ਪੌਂਗ ਡੈਮਾਂ ਦੇ ਫਲੱਡ ਗੇਟ ਖੁੱਲ੍ਹਣ ਨਾਲ ਰੋਪੜ ਦੇ ਪਿੰਡਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਰੋਪੜ ਦੇ ਪਿੰਡ ਸ਼ਾਹਪੁਰ ਬੇਲਾ ਦੇ ਲੋਕ ਚਾਰੋਂ ਪਾਸਿਓਂ ਪਾਣੀ ਵਿੱਚ ਘਿਰੇ ਹੋਏ ਹਨ। ਪਿੰਡ ਵਾਸੀਆਂ ਨੇ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਨਾ ਤਾਂ ਪਾਣੀ ਛੱਡਣ ਬਾਰੇ ਸੂਚਿਤ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।


ਦੂਜੇ ਪਾਸੇ ਬਿਆਸ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੁਸ਼ਿਆਰਪੁਰ ਦੇ ਚੱਕਮੀਰਪੁਰ ਨੇੜੇ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ ਹੈ। ਜਲਦੀ ਹੀ ਇਹ ਪਾਣੀ ਆਸ-ਪਾਸ ਦੇ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ। ਪ੍ਰਾਪਤ ਜਾਣਕਾਰੀ ਦੌਰਾਨ ਬੀਤੀ ਸ਼ਾਮ ਤੱਕ ਭਾਖੜਾ ਦਾ ਪਾਣੀ ਦਾ ਪੱਧਰ 1678 ਫੁੱਟ ਤੱਕ ਪਹੁੰਚ ਗਿਆ ਸੀ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 2 ਫੁੱਟ ਹੇਠਾਂ ਸੀ। ਸਥਿਤੀ ਦੇ ਮੱਦੇਨਜ਼ਰ ਹੁਣ ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ ਕਈ ਫੁੱਟ ਉੱਚਾ ਕਰ ਦਿੱਤਾ ਗਿਆ ਹੈ। ਇਹ ਗੇਟ ਕਿੰਨੇ ਉੱਚੇ ਕੀਤੇ ਗਏ ਹਨ, ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।


ਇਸ ਨੂੰ ਲੈ ਕੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਕਈ ਪਿੰਡਾਂ ਵਿੱਚ ਪਾਣੀ ਆ ਗਿਆ ਹੈ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਖ਼ਤਰੇ ਵਾਲੇ ਇਲਾਕੇ ਤੋਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।






ਇਸ ਦੇ ਨਾਲ ਹੀ ਭਾਖੜਾ ਡੈਮ 'ਤੇ ਪਾਣੀ ਛੱਡਣ ਦੀ ਕਿਸੇ ਨੂੰ ਵੀ ਤਸਵੀਰਾਂ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਉਥੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਬੀਬੀਐਮਬੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੌਂਗ ਡੈਮ ਤੋਂ ਅੱਜ ਕਰੀਬ 1.50 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਅੱਜ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1400 ਫੁੱਟ ਨੂੰ ਪਾਰ ਕਰ ਗਿਆ ਹੈ। ਜਿਸ ਤੋਂ ਬਾਅਦ 1,14,785 ਕਿਊਸਿਕ ਪਾਣੀ ਛੱਡਿਆ ਗਿਆ ਹੈ। ਜਿਸ ਵਿੱਚ ਟਰਬਾਈਨ ਰਾਹੀਂ ਸਿਰਫ਼ 17312 ਕਿਊਸਿਕ ਅਤੇ ਫਲੱਡ ਗੇਟ ਰਾਹੀਂ 1,25,473 ਕਿਊਸਿਕ ਪਾਣੀ ਛੱਡਿਆ ਗਿਆ ਹੈ।





ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।