Flood in Punjab: ਪੰਜਾਬ ਵਿੱਚ ਦਰਿਆਵਾਂ ਦੇ ਨੇੜਲੇ ਇਲਾਕਿਆਂ ਵਿੱਚ ਹੜ੍ਹਾਂ ਦੀ ਖਤਰਾ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਇਸ ਲਈ ਭਾਖੜਾ ਨਹਿਰ ਦੇ ਗੇਟ ਖੋਲ੍ਹੇ ਜਾ ਸਕਦੇ ਹਨ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਇਸ ਲਈ ਪ੍ਰਸਾਸ਼ਨ ਵੱਲੋਂ 6 ਜ਼ਿਲ੍ਹਿਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਖੜਾ ਡੈਮ ਪ੍ਰਬੰਧਨ ਬੋਰਡ ਨੇ ਹੜ੍ਹ ਦੇ ਗੇਟ ਖੋਲ੍ਹਣ ਸਬੰਧੀ ਚੇਤਾਵਨੀ ਜਾਰੀ ਕਰਦਿਆਂ ਆਲੇ ਦੁਆਲੇ ਦੇ ਖੇਤਰਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ। ਪ੍ਰਸ਼ਾਸਨ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਹੜ੍ਹ ਵਾਲੇ ਗੇਟ ਖੋਲ੍ਹੇ ਜਾਂਦੇ ਹਨ, ਤਾਂ ਇਸ ਦਾ ਸਿੱਧਾ ਅਸਰ ਪੰਜਾਬ ਦੇ ਛੇ ਜ਼ਿਲ੍ਹਿਆਂ - ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਰੋਪੜ, ਨਵਾਂਸ਼ਹਿਰ ਤੇ ਫਿਰੋਜ਼ਪੁਰ 'ਤੇ ਪੈ ਸਕਦਾ ਹੈ। ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। 

ਬੀਬੀਐਮਬੀ ਮੁਤਾਬਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। 1 ਅਗਸਤ ਨੂੰ ਭਾਖੜਾ ਡੈਮ ਵਿੱਚ 1623.47 ਫੁੱਟ ਪਾਣੀ ਦਰਜ ਕੀਤਾ ਗਿਆ ਸੀ। ਜਦੋਂ ਕਿ ਪਿਛਲੇ ਸਾਲ ਇਹ ਪੱਧਰ 1608.6 ਫੁੱਟ ਸੀ। ਉਧਰ, ਪੋਂਗ ਡੈਮ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪੋਂਗ ਡੈਮ ਦੀ ਪੂਰੀ ਸਮਰਥਾ 1400 ਫੁੱਟ ਹੈ। 24 ਘੰਟਿਆਂ ਵਿੱਚ ਇੱਥੇ 4.19 ਫੁੱਟ ਦਾ ਵਾਧਾ ਦੇਖਿਆ ਗਿਆ। 3 ਅਗਸਤ ਦੀ ਸਵੇਰ ਨੂੰ ਇੱਥੇ ਪਾਣੀ ਦਾ ਪੱਧਰ 1365.26 ਫੁੱਟ ਦਰਜ ਕੀਤਾ ਗਿਆ ਜਿਸ ਕਾਰਨ ਇੱਥੋਂ ਹੋਰ ਪਾਣੀ ਛੱਡਿਆ ਜਾ ਰਿਹਾ ਹੈ।

ਉਧਰ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨੀਂ ਪੰਜਾਬ ਅੰਦਰ ਬਾਰਸ਼ ਦੇ ਆਸਾਰ ਹਨ।  ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। 4 ਅਗਸਤ ਨੂੰ ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿੱਚ ਹੋਰ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਦੋਂਕਿ ਬਠਿੰਡਾ, ਮਾਨਸਾ ਤੇ ਫਾਜ਼ਿਲਕਾ ਵਰਗੇ ਖੇਤਰ ਸੁੱਕੇ ਰਹਿਣਗੇ। 

ਇਸੇ ਤਰ੍ਹਾਂ 5 ਅਗਸਤ ਨੂੰ ਮੀਂਹ ਦਾ ਦਾਇਰਾ ਵਧ ਸਕਦਾ ਹੈ। ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਜਲੰਧਰ, ਕਪੂਰਥਲਾ, ਪਟਿਆਲਾ, ਲੁਧਿਆਣਾ, ਸੰਗਰੂਰ, ਨਵਾਂਸ਼ਹਿਰ ਆਦਿ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। 6-8 ਅਗਸਤ ਨੂੰ ਮੀਂਹ ਸਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਦੇਖਣ ਨੂੰ ਮਿਲੇਗੀ। 9 ਅਗਸਤ ਨੂੰ ਸੂਬੇ ਵਿੱਚ ਇੱਕ ਵਾਰ ਫਿਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।